ਹੁਣ ਬਿਨਾਂ ਈ-ਕੇਵਾਈਸੀ ਵੀ ਹੋਵੇਗੀ ਰਜਿਸਟਰੀ, ਘੰਟਿਆਂ ਦੀ ਦੇਰੀ ਕਾਰਨ ਨਿਯਮ ’ਚ ਤਬਦੀਲੀ
ਹੁਣ ਬਿਨਾਂ ਈ-ਕੇਵਾਈਸੀ ਵੀ ਹੋਵੇਗੀ ਰਜਿਸਟਰੀ, ਘੰਟਿਆਂ ਦੀ ਦੇਰੀ ਕਾਰਨ ਨਿਯਮ ’ਚ ਤਬਦੀਲੀ
Publish Date: Wed, 04 Feb 2026 08:31 PM (IST)
Updated Date: Thu, 05 Feb 2026 04:12 AM (IST)

-ਹੁਣ ਫ਼ਰਜ਼ੀਵਾੜੇ ’ਤੇ ਰੋਕ ਲਗਾਉਣਾ ਆਸਾਨ ਨਹੀਂ ਰਹੇਗਾ, ਕਈ ਰਜਿਸਟਰੀਆਂ ’ਚ ਫ਼ਰਜ਼ੀਵਾੜਾ ਬੇਨਕਾਬ ਹੋ ਚੁੱਕਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਹਿਸੀਲ ’ਚ ਜਾਅਲੀ ਅਧਾਰ ਕਾਰਡ ਦੀ ਵਰਤੋਂ ਕਰ ਕੇ ਨੰਗਲ ਸ਼ਾਮਾ ਦੇ 17 ਮਰਲੇ ਪਲਾਟ ਦੀ ਜਾਅਲੀ ਰਜਿਸਟਰੀ ਦੇ ਮਾਮਲੇ ਦੇ ਖੁਲਾਸੇ ਤੋਂ ਬਾਅਦ ਪ੍ਰਾਪਰਟੀ ਰਜਿਸਟ੍ਰੇਸ਼ਨ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤੀ ਗਈ ਸੀ। ਹੁਣ ਇਕ ਵਾਰ ਫਿਰ ਈ-ਕੇਵਾਈਸੀ ਦੀ ਸ਼ਰਤ ਹਟਾ ਕੇ ਇਸ ਨੂੰ ਬਦਲਵਾਂ ਬਣਾ ਦਿੱਤਾ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਜੇ ਕਿਸੇ ਨੇ ਆਪਣੇ ਅਧਾਰ ਕਾਰਡ ਦੀ ਈ-ਕੇਵਾਈਸੀ ਕਰਵਾ ਲਈ ਹੈ ਤਾਂ ਠੀਕ ਹੈ, ਨਹੀਂ ਤਾਂ ਪੁਰਾਣੇ ਤਰੀਕੇ ਅਨੁਸਾਰ ਪ੍ਰਾਪਰਟੀ ਰਜਿਸਟ੍ਰੇਸ਼ਨ ਦਾ ਕੰਮ ਹੋ ਸਕੇਗਾ। ਫ਼ਿਲਹਾਲ ਈਜ਼ੀ ਰਜਿਸਟ੍ਰੀ ਸਾਫਟਵੇਅਰ ਵਿਚ ਈ-ਕੇਵਾਈਸੀ ਦੀ ਲਾਜ਼ਮੀ ਸ਼ਰਤ ਵਿਚ ਛੋਟ ਦੇ ਦਿੱਤੀ ਗਈ ਹੈ। ਨਵੇਂ ਸਿਸਟਮ ਕਾਰਨ ਤਹਿਸੀਲ ਵਿਚ ਕਾਫ਼ੀ ਦਿੱਕਤਾਂ ਆ ਰਹੀਆਂ ਸਨ। ਛੋਟ ਮਿਲਣ ਤੋਂ ਬਾਅਦ ਸਥਿਤੀ ਕੁਝ ਹੱਦ ਤੱਕ ਸਧਾਰਨ ਹੋ ਗਈ ਹੈ ਪਰ ਇਨ੍ਹਾਂ ਹਾਲਾਤਾਂ ’ਚ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਰਜਿਸਟਰੀ ਵਿਚ ਹੋਣ ਵਾਲੇ ਫ਼ਰਜ਼ੀਵਾੜੇ ’ਤੇ ਰੋਕ ਕਿਵੇਂ ਲੱਗੇਗੀ। ਜਿਵੇਂ ਕਿ ਕਿਸੇ ਮ੍ਰਿਤਕ ਨੂੰ ਜਿੰਦਾ ਦਿਖਾ ਕੇ ਰਜਿਸਟਰੀ ਕਰਵਾ ਦੇਣਾ, ਜਾਅਲੀ ਪਛਾਣ ਦੇ ਅਧਾਰ ’ਤੇ ਜਾਇਦਾਦ ਟ੍ਰਾਂਸਫ਼ਰ ਕਰਵਾ ਲੈਣਾ ਜਾਂ ਗਲਤ ਗਵਾਹ ਖੜ੍ਹੇ ਕਰਨ ਵਰਗੇ ਮਾਮਲਿਆਂ ’ਤੇ ਹੁਣ ਰੋਕ ਲਗਾਉਣਾ ਆਸਾਨ ਨਹੀਂ ਰਹੇਗਾ। ਖਰੀਦਦਾਰ, ਵਿਕਰੇਤਾ ਤੋਂ ਲੈ ਕੇ ਗਵਾਹਾਂ ਤੱਕ ਦੀ ਪਛਾਣ ਦੀ ਤਸਦੀਕ ਲਈ ਕੋਈ ਮਜ਼ਬੂਤ ਤਕਨੀਕ ਮੌਜੂਦ ਨਹੀਂ ਰਹੇਗੀ। ਇਸ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ’ਚ ਫ਼ਰਜ਼ੀਵਾੜੇ ਦੀ ਗੁੰਜਾਇਸ਼ ਹਮੇਸ਼ਾ ਬਣੀ ਰਹੇਗੀ। ਫੀਫੋ ਸਿਸਟਮ ਤੇ ਓਟੀਪੀ ਕਾਰਨ ਹੋ ਰਹੀ ਸੀ ਦੇਰੀ : ਈ-ਕੇਵਾਈਸੀ ਨੂੰ ਲਾਜ਼ਮੀ ਬਣਾਉਣ ਕਾਰਨ ਖਰੀਦਦਾਰ, ਵਿਕਰੇਤਾ ਤੇ ਗਵਾਹਾਂ ਦੇ ਦਸਤਾਵੇਜ਼ ਅਪਡੇਟ ਹੋਣ ਤੋਂ ਬਾਅਦ ਹੀ ਓਟੀਪੀ ਰਾਹੀਂ ਰਜਿਸਟਰੀ ਲਈ ਟੋਕਨ ਤੇ ਅਪਾਇੰਟਮੈਂਟ ਤੈਅ ਹੁੰਦੀ ਸੀ। ਇਹ ਪ੍ਰਕਿਰਿਆ ਰਜਿਸਟਰੀ ਦੇ ਪ੍ਰਿੰਟ ਹੋਣ ਤੱਕ ਲਾਗੂ ਰਹਿੰਦੀ ਸੀ। ਇਸ ਦੌਰਾਨ ਜੇ ਇਕ ਵੀ ਓਟੀਪੀ ਨਾ ਮਿਲੇ ਤਾਂ ਰਜਿਸਟਰੀ ਵਿਚ ਦੇਰੀ ਹੋ ਜਾਂਦੀ ਸੀ। ਇਸ ਤੋਂ ਇਲਾਵਾ ਫੀਫੋ (ਫਰਸਟ ਇਨ–ਫਰਸਟ ਆਊਟ) ਸਿਸਟਮ ਹੇਠ ਇਕ ਰਜਿਸਟਰੀ ਮੁਕੰਮਲ ਹੋਣ ਤੋਂ ਬਾਅਦ ਹੀ ਦੂਜੇ ਦੀ ਵਾਰੀ ਆਉਂਦੀ ਸੀ, ਜਿਸ ਕਾਰਨ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ। ਅਕਸਰ ਦੁਪਹਿਰ ਤੱਕ ਕੰਮ ਮੁਕੰਮਲ ਹੋਣ ਦੀ ਬਜਾਏ ਤਹਿਸੀਲ-ਵਨ ਤੇ ਤਹਿਸੀਲ-ਟੂ ’ਚ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਸੀ। ਓਟੀਪੀ ਸਾਂਝਾ ਕਰਨ ਨੂੰ ਲੈ ਕੇ ਸ਼ੱਕ, ਮੁਸ਼ਕਲਾਂ ਵਧੀਆਂ ਤਹਿਸੀਲ ’ਚ ਈ-ਕੇਵਾਈਸੀ ਲਾਜ਼ਮੀ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਰਜਿਸਟਰੀ ਕਰਵਾਉਣ ਆਉਣ ਵਾਲੇ ਲੋਕ ਇਸ ਗੱਲ ਨੂੰ ਲੈ ਕੇ ਬ੍ਰਾਂਚ ਵਿਚ ਰਹਿੰਦੇ ਸਨ ਕਿ ਉਹ ਆਪਣਾ ਓਟੀਪੀ ਕਿਸੇ ਹੋਰ ਵਿਅਕਤੀ (ਡੀਡ ਰਾਈਟਰ ਜਾਂ ਐਡਵੋਕੇਟ) ਨੂੰ ਕਿਵੇਂ ਦੇਣ। ਕਈ ਲੋਕਾਂ ਦੇ ਖਾਤਿਆਂ ’ਚ ਵੱਡੀ ਰਕਮ ਹੁੰਦੀ ਹੈ, ਜਿਸ ਕਾਰਨ ਵੱਧ ਰਹੀਆਂ ਸਾਇਬਰ ਧੋਖਾਧੜੀਆਂ ਦੇ ਮਾਮਲਿਆਂ ਤੋਂ ਉਹ ਡਰਦੇ ਸਨ। ਲੋਕਾਂ ਦਾ ਕਹਿਣਾ ਸੀ ਕਿ ਜੇ ਓਟੀਪੀ ਦੇਣਾ ਲਾਜ਼ਮੀ ਹੈ ਤਾਂ ਇਹ ਟੋਕਨ ਕਾਊਂਟਰ, ਫੋਟੋ ਖਿਚਾਉਣ ਸਮੇਂ ਜਾਂ ਸਬ-ਰਜਿਸਟਰਾਰ ਦੀ ਮੌਜੂਦਗੀ ’ਚ ਹੀ ਲਿਆ ਜਾਵੇ। ਨਹੀਂ ਤਾਂ ਜੇ ਕੋਈ ਠੱਗੀ ਹੋ ਜਾਵੇ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ। ਸਿਸਟਮ ਅਪਗ੍ਰੇਡ ਹੋਣ ’ਤੇ ਲਾਗੂ ਹੋਵੇਗੀ ਈ-ਕੇਵਾਈਸੀ ਤਹਿਸੀਲ-ਟੂ ਦੇ ਜੁਆਇੰਟ ਸਬ-ਰਜਿਸਟਰਾਰ ਜਗਤਾਰ ਸਿੰਘ ਨੇ ਕਿਹਾ ਕਿ ਈ-ਕੇਵਾਈਸੀ ਲਾਗੂ ਹੋਣ ਕਾਰਨ ਪ੍ਰਾਪਰਟੀ ਰਜਿਸਟਰੀ ਦੇ ਕੰਮ ’ਚ ਵੱਧ ਸਮਾਂ ਲੱਗ ਰਿਹਾ ਸੀ। ਇਸ ਸਬੰਧੀ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਵਿਚ ਕੁਝ ਨਵੇਂ ਬਦਲ ਦਿੱਤੇ ਜਾਣਗੇ। ਲੋਕਾਂ ਤੋਂ ਓਟੀਪੀ ਲੈਣ ਲਈ ਵੀ ਹੋਰ ਬਦਲ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਪ੍ਰਾਪਰਟੀ ਰਜਿਸਟਰੀ ਦਾ ਕੰਮ ਜਲਦੀ ਹੋ ਸਕੇ।