ਗੈਸ ਪਾਈਪਲਾਈਨ ਬਿਛਾ ਰਹੀ ਕੰਪਨੀ ਨੂੰ ਨੋਟਿਸ, ਸੜਕਾਂ ਤੇ ਮੈਨਹੋਲ ਨੂੰ ਨੁਕਸਾਨ ਪਹੁੰਚਾਉਣ ’ਤੇ ਚੇਤਾਵਨੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਬਿਲਡਿੰਗ ਐਂਡ ਰੋਡ ਡਿਪਾਰਟਮੈਂਟ (ਬੀਐਂਡਆਰ) ਨੇ ਗੈਸ ਪਾਈਪਲਾਈਨ ਵਿਛਾ ਰਹੀ ਅਡਾਨੀ ਟੋਟਲ ਗੈਸ ਲਿਮਟਿਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਜਾਰੀ ਕਰਕੇ ਕੰਪਨੀ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਨੋਟਿਸ ’ਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਲਈ 8 ਇੰਚ ਦੀ ਪਾਈਪਲਾਈਨ ਵਿਛਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੰਪਨੀ ਪਾਈਪਲਾਈਨ ਵਿਛਾਉਂਦੇ ਸਮੇਂ ਤੋੜੀਆਂ ਗਈਆਂ ਸੜਕਾਂ ਤੇ ਮੈਨਹੋਲਾਂ ਦੀ ਮੁਰੰਮਤ ਨਹੀਂ ਕਰ ਰਹੀ। ਇਸ ਕਾਰਨ ਸੀਵਰੇਜ ਦੀ ਸਮੱਸਿਆ ਵੱਧ ਰਹੀ ਹੈ ਤੇ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਵੀ ਖਰਾਬ ਹੋ ਗਈ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਨਾਲ ਕੰਪਨੀ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਜਿਨ੍ਹਾਂ ਨਿਯਮਾਂ ਤੇ ਸ਼ਰਤਾਂ ਹੇਠ ਪਾਈਪਲਾਈਨ ਵਿਛਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ, ਜਿਸ ਕਾਰਨ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਲੋਕਾਂ ਦੀ ਸੁਰੱਖਿਆ ’ਤੇ ਵੀ ਅਸਰ ਪੈ ਰਿਹਾ ਹੈ ਤੇ ਇਹ ਨੁਕਸਾਨਦਾਇਕ ਹੈ। ਜੇ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਅਡਾਨੀ ਟੋਟਲ ਗੈਸ ਲਿਮਟਿਡ ਦੀ ਹੋਵੇਗੀ। ਇਹ ਨੋਟਿਸ ਮੇਅਰ ਵਨੀਤ ਧੀਰ ਦੇ ਨਿਰਦੇਸ਼ਾਂ ’ਤੇ ਜਾਰੀ ਕੀਤਾ ਗਿਆ ਹੈ। ਐੱਸਈ ਬੀਐਂਡਆਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕੰਪਨੀ ਜਿੱਥੇ-ਜਿੱਥੇ ਸੜਕਾਂ ਤੋੜ ਰਹੀ ਹੈ ਜਾਂ ਸੀਵਰੇਜ ਦੇ ਮੈਨਹੋਲ ਵਰਤੇ ਜਾ ਰਹੇ ਹਨ, ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤੇ ਮਨਜ਼ੂਰੀ ਦੀਆਂ ਸਾਰੀਆਂ ਸ਼ਰਤਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਕੰਪਨੀ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਅਜਿਹਾ ਨਾ ਹੋਇਆ ਤਾਂ ਕੰਪਨੀ ਨੂੰ ਦਿੱਤੀ ਗਈ ਪਰਮਿਸ਼ਨ ਤੇ ਐੱਨਓਸੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਜਾਵੇਗੀ। ਅਜਿਹੀ ਸਥਿਤੀ ’ਚ ਕੰਪਨੀ ਦੀ ਬੈਂਕ ਗਾਰੰਟੀ ਵੀ ਜ਼ਬਤ ਕੀਤੀ ਜਾਵੇਗੀ ਤੇ ਹੋਏ ਸਾਰੇ ਨੁਕਸਾਨ ਦੀ ਪੂਰਤੀ ਵੀ ਕੰਪਨੀ ਵੱਲੋਂ ਕੀਤੀ ਜਾਵੇਗੀ। ਕੰਪਨੀ ਨੂੰ ਬਲੈਕਲਿਸਟ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਨੋਟਿਸ ਨੂੰ ਆਖ਼ਰੀ ਚਿਤਾਵਨੀ ਸਮਝਿਆ ਜਾਵੇ ਤੇ ਕਿਸੇ ਵੀ ਗੜਬੜ ਦੀ ਸੂਰਤ ’ਚ ਸਖ਼ਤ ਕਾਰਵਾਈ ਹੋਵੇਗੀ।