ਬਿਨਾਂ ਮਨਜ਼ੂਰੀ ਇਸ਼ਤਿਹਾਰ ਬੈਨਰ ਲਾਉਣ ’ਤੇ ਨੋਟਿਸ
ਜਾਸ, ਜਲੰਧਰ : ਸ਼ਹਿਰ
Publish Date: Wed, 25 Mar 2026 11:03 PM (IST)
Updated Date: Wed, 25 Mar 2026 11:05 PM (IST)

ਜਾਸ, ਜਲੰਧਰ : ਸ਼ਹਿਰ ’ਚ ਨਗਰ ਨਿਗਮ ਨੇ ਇਸ਼ਤਿਹਾਰ ਸਬੰਦੀ ਠੇਕਾ ਜਾਰੀ ਕੀਤਾ ਹੋਇਆ ਹੈ ਪਰ ਬਿਨਾਂ ਮਨਜ਼ੂਰੀ ਬੋਰਡ-ਬੈਨਰ ਲਾਉਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਨਿਗਮ ਨੇ ਗੁਰੂ ਤੇਗ ਬਹਾਦਰ ਨਗਰ ਸਥਿਤ ਪ੍ਰਿਥਵੀ ਪਲੇਨਟ ’ਚ ਹੋ ਰਹੀ ਐਗਜ਼ੀਬਿਸ਼ਨ ਨਾਲ ਸਬੰਧਤ ਬੈਨਰਾਂ ਨੂੰ ਲੈ ਕੇ ਐਗਜ਼ੀਬਿਸ਼ਨ ਦੀ ਪ੍ਰਬੰਧਕ ਨਾਜੀਆ ਡ੍ਰੀਮਜ਼ ਫੈਸ਼ਨ ਐਂਡ ਲਾਈਫਸਟਾਈਲ ਐਗਜ਼ੀਬਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਦੋ ਦਿਨਾਂ ’ਚ ਸ਼ਹਿਰ ’ਚ ਜਿੱਥੇ ਵੀ ਉਨ੍ਹਾਂ ਦੇ ਬੋਰਡ-ਬੈਨਰ ਲੱਗੇ ਹਨ, ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਨਿਗਮ ਖੁਦ ਇਹ ਬੈਨਰ ਉਤਾਰੇਗਾ। ਨਿਗਮ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਖਰਚਾ ਬੈਨਰ ਲਗਾਉਣ ਵਾਲੀ ਕੰਪਨੀ ਤੋਂ ਵਸੂਲਿਆ ਜਾਵੇਗਾ। ਨਿਗਮ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਮਨਜ਼ੂਰੀ ਇਸ਼ਤਿਹਾਰ ਬੋਰਡ ਲਾਉਣ ’ਤੇ ਜੁਰਮਾਨਾ ਰਕਮ ਹੁਣ 50,000 ਰੁਪਏ ਕਰ ਦਿੱਤੀ ਗਈ ਹੈ ਤੇ ਇਹ ਜੁਰਮਾਨਾ ਉਲੰਘਣਾ ਕਰਨ ਵਾਲਿਆਂ ਤੋਂ ਵਸੂਲਿਆ ਜਾਵੇਗਾ। ਸ਼ਹਿਰ ’ਚ ਲਗਭਗ 12 ਸਾਲਾਂ ਤੋਂ ਇਸ਼ਤਿਹਾਰ ਮਾਫੀਆ ਸਰਗਰਮ ਸੀ ਤੇ ਹੁਣ ਜਾ ਕੇ ਨਿਗਮ ਨੇ ਇਸ਼ਤਿਹਾਰ ਠੇਕਾ ਕੀਤਾ ਹੈ। ਜੇ ਸ਼ਹਿਰ ’ਚ ਬਿਨਾਂ ਮਨਜ਼ੂਰੀ ਬੋਰਡ-ਬੈਨਰ ਲੱਗਦੇ ਰਹੇ ਤਾਂ ਠੇਕੇਦਾਰ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ ਤੇ ਉਸ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਨਿਗਮ ਨੇ ਇਕ ਸਾਲ ਦਾ ਠੇਕਾ 13.71 ਕਰੋੜ ਰੁਪਏ ’ਚ ਦਿੱਤਾ ਹੈ ਤੇ ਠੇਕੇਦਾਰ ਇਸ਼ਤਿਹਾਰ ਠੇਕਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਹਿਰ ’ਚ ਢਾਂਚਾਗਤ ਸਹੂਲਤਾਂ ਤਿਆਰ ਕਰ ਰਿਹਾ ਹੈ।