ਮੈਡੀਕਲ ਅਲਾਊਂਸ 3000 ਰੁਪਏ ਕੀਤਾ ਜਾਵੇ : ਅਗਰਵਾਲ
ਨੌਰਥਰਨ ਰੇਲਵੇ ਰਿਟਾਇਰਡ ਇੰਪਲਾਇਜ਼ ਫੈਡਰੇਸ਼ਨ ਦੀ ਮਾਸਿਕ ਮੀਟਿੰਗ ਕਰਵਾਈ
Publish Date: Mon, 09 Mar 2026 07:16 PM (IST)
Updated Date: Mon, 09 Mar 2026 07:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਰਦਰਨ ਰੇਲਵੇ ਰਿਟਾਇਰਡ ਇੰਪਲਾਇਜ਼ ਫੈਡਰੇਸ਼ਨ ਦੀ ਮਾਸਿਕ ਮੀਟਿੰਗ ਪ੍ਰਧਾਨ ਪੀਡੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਪ੍ਰਧਾਨ ਸ਼ਰਮਾ ਨੇ ਮੀਟਿੰਗ ’ਚ ਸ਼ਾਮਲ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਜਨਰਲ ਸਕੱਤਰ ਰਵੀ ਅਗਰਵਾਲ ਨੂੰ ਕਾਰਵਾਈ ਸ਼ੁਰੂ ਕਰਨ ਲਈ ਕਿਹਾ। ਮੀਟਿੰਗ ਦੌਰਾਨ ਜਨਰਲ ਸਕੱਤਰ ਨੇ ਪੈਨਸ਼ਨ ’ਚ 5, 10 ਤੇ 15 ਫੀਸਦੀ ਵਾਧਾ ਕਰਨ, ਮੈਡੀਕਲ ਅਲਾਊਂਸ ਨੂੰ 1000 ਰੁਪਏ ਤੋਂ ਵਧਾ ਕੇ 3000 ਰੁਪਏ ਕਰਨ ਤੇ ਪੈਨਸ਼ਨ ਕਮਿਊਟੇਸ਼ਨ ਦੀ ਰਕਮ ਨੂੰ 15 ਸਾਲਾਂ ਦੀ ਬਜਾਏ 12 ਸਾਲ ਜਾਂ 10 ਸਾਲ 8 ਮਹੀਨੇ ਬਾਅਦ ਬੰਦ ਕਰਨ ਦੀ ਮੰਗ ਦੁਹਰਾਈ। ਇਸ ਦੇ ਨਾਲ ਹੀ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ’ਚ ਹੋ ਰਹੀ ਦੇਰੀ ਤੇ ਰਿਪੋਰਟ 18 ਮਹੀਨੇ ਬਾਅਦ ਆਉਣ ਦੇ ਸੰਭਾਵਨਾ ਦਾ ਵੀ ਵਿਰੋਧ ਕੀਤਾ ਗਿਆ ਤੇ ਜਨਵਰੀ 2026 ਤੋਂ 20 ਫੀਸਦੀ ਅੰਤਰਿਮ ਰਾਹਤ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ’ਚ ਇਹ ਮਸਲਾ ਵੀ ਉਠਾਇਆ ਗਿਆ ਕਿ ਰੇਲਵੇ ਦੇ ਐਮਪੈਨਲਡ ਹਸਪਤਾਲਾਂ ’ਚ ਓਪੀਡੀ ਫੀਸ ਰੇਲਵੇ ਕਰਮਚਾਰੀਆਂ ਤੋਂ 700 ਰੁਪਏ ਲਈ ਜਾਂਦੀ ਹੈ, ਜਦਕਿ ਆਮ ਜਨਤਾ ਤੋਂ 500 ਰੁਪਏ ਲਏ ਜਾਂਦੇ ਹਨ, ਜਿਸ ਦਾ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ ਬੈਂਕਾਂ ’ਚ ਰੇਲਵੇ ਪੈਨਸ਼ਨਰਾਂ ਦੇ ਖਾਤਿਆਂ ਨੂੰ ਆਰਪੀਐੱਸ ਵਜੋਂ ਟ੍ਰੀਟ ਕਰਨ ਦੀ ਮੰਗ ਵੀ ਕੀਤੀ ਗਈ। ਮੀਟਿੰਗ ’ਚ ਚੇਅਰਮੈਨ ਰਾਮ ਪ੍ਰਕਾਸ਼, ਸੰਗਠਨ ਸਕੱਤਰ ਵਿਮਲ ਰਾਮਪਾਲ, ਅਨੂਪ ਕੁਮਾਰ, ਪਵਨ ਜਾਮਲਾ, ਸੁਨੀਲ ਕੁਮਾਰ, ਸੁਖਪਾਲ ਸਿੰਘ, ਚਰਨਜੀਤ ਲਾਲ, ਸੋਹਨ ਸਿੰਘ, ਓਮ ਪ੍ਰਕਾਸ਼ ਪਰਮਾਰ, ਦੀਪਕ ਚੌਧਰੀ, ਭੂਪਿੰਦਰ ਸਿੰਘ, ਇਜੇਪਾਲ ਸਿੰਘ, ਸੰਤੋਖ ਸਿੰਘ, ਸੁਰਿੰਦਰ ਪਾਲ, ਵੇਦ ਪਾਲ, ਪਰਮਜੀਤ ਸਿੰਘ ਤੇ ਅਰਜੁਨ ਰਾਣਾ ਸਮੇਤ ਹੋਰ ਮੈਂਬਰ ਮੌਜੂਦ ਸਨ।