ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ
ਨਾਰਥ ਜੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ (5-11 ਜਨਵਰੀ 2026) ਸਫਲਤਾਪੂਰਵਕ ਸੰਪੰਨ
Publish Date: Sun, 11 Jan 2026 08:01 PM (IST)
Updated Date: Mon, 12 Jan 2026 04:16 AM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਕਰਵਾਏ ਜ਼ੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ 5 ਤੋਂ 11 ਜਨਵਰੀ 2026 ਤੱਕ ਸ਼ਾਨੋ-ਸ਼ੌਕਤ ਤੇ ਖੇਡ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਟੂਰਨਾਮੈਂਟ ’ਚ ਨਾਰਥ ਜ਼ੋਨ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਉੱਚ ਕੋਟੀ ਦਾ ਫੁੱਟਬਾਲ ਖੇਡ ਪ੍ਰਦਰਸ਼ਿਤ ਕੀਤਾ। ਫਾਈਨਲ ਮੁਕਾਬਲਿਆਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੂਸਰੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੀਜੇ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਚੌਥੇ ਸਥਾਨ ’ਤੇ ਰਹੀ। ਇਨਾਮ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਵਨ ਕੁਮਾਰ ਟੀਨੂੰ (ਸਾਬਕਾ ਵਿਧਾਇਕ, ਹਲਕਾ ਇੰਚਾਰਜ ਆਦਮਪੁਰ ਆਮ ਆਦਮੀ ਪਾਰਟੀ) ਸ਼ਾਮਲ ਹੋਏ। ਉਨ੍ਹਾਂ ਜੇਤੂ ਤੇ ਭਾਗੀਦਾਰ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਤੇ ਨੈਤਿਕ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਮਾਰੋਹ ’ਚ ਸੰਤ ਬਾਬਾ ਮਨਮੋਹਨ ਸਿੰਘ, ਸੰਤ ਬਾਬਾ ਜਨਕ ਸਿੰਘ, ਯੂਨੀਵਰਸਿਟੀ ਵਾਇਸ-ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ, ਮਨਪ੍ਰੀਤ ਸਿੰਘ (ਸੁਸਾਇਟੀ ਮੈਂਬਰ), ਕੈਪਟਨ ਸੁਖਦੇਵ ਸਿੰਘ, ਕੁਲਵੰਤ ਸਿੰਘ (ਸਰਪੰਚ), ਗੁਰਦਿਆਲ ਸਿੰਘ (ਕੈਨੇਡਾ), ਹਰਜੀਤ ਸਿੰਘ (ਸਰਪੰਚ) ਤੇ ਸ਼ਰਮਾ ਸਪੋਰਟਸ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਜੇਤੂ ਟੀਮਾਂ ਨੂੰ ਟ੍ਰੌਫੀਆਂ ਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਆਯੋਜਕਾਂ ਵੱਲੋਂ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਲਈ ਸਾਰੇ ਸਹਿਯੋਗੀਆਂ, ਅਧਿਕਾਰੀਆਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।