ਮਿਹਨਤਕਸ਼ਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ
ਭਾਜਪਾ ਦਾ ਪੂੰਜੀਪਤੀਆਂ ਪੱਖੀ ਹੋਣ ਦਾ ਇਕ ਹੋਰ ਸਬੂਤ ਨੋਇਡਾ ਘਟਨਾ - ਕਾ: ਸੇਖੋਂ
Publish Date: Tue, 14 Apr 2026 09:12 PM (IST)
Updated Date: Tue, 14 Apr 2026 09:15 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਘੱਟੋ-ਘੱਟ ਉਜਰਤ ਦਾ ਹੱਕ ਮੰਗਦੇ ਦੇਸ਼ ਦੀ ਰਾਜਧਾਨੀ ਦੀ ਵੱਟ ਨਾਲ ਲੱਗਦੇ ਸ਼ਹਿਰ ਨੋਇਡਾ ਵਿਖੇ ਮਜ਼ਦੂਰਾਂ ’ਤੇ ਕੀਤੇ ਅੰਨ੍ਹੇ ਤਸ਼ੱਦਦ ਨੇ ਭਾਜਪਾ ਦਾ ਕਾਰਪੋਰੇਟੀ ਘਰਾਣਿਆਂ ਪੱਖੀ ਹੋਣ ਦਾ ਇਕ ਹੋਰ ਪ੍ਰਤੱਖ ਸਬੂਤ ਦੇ ਦਿੱਤਾ ਹੈ। ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਸੀਪੀਆਈਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਦੇ ਮਿਹਨਤਕਸ਼ ਲੋਕਾਂ, ਮਜ਼ਦੂਰ ਕਿਸਾਨਾਂ ਨੂੰ ਇੱਕਮੁੱਠ ਹੋ ਕੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਜਲੰਧਰ ’ਚ ਪਾਰਟੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਅੱਗੇ ਕਿਹਾ ਕਿ ਬੀਤੇ ਦਿਨ ਦੇਸ਼ ਦੀ ਰਾਜਧਾਨੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਵਿਖੇ ਇਕ ਨਿੱਜੀ ਕੰਪਨੀ ‘ਮਦਰਸਨ’ ਦੇ ਵਰਕਰ ਘੱਟੋ ਘੱਟ ਉਜਰਤ ਦਾ ਹੱਕ ਹਾਸਲ ਕਰਨ ਲਈ ਪ੍ਰਦਰਸ਼ਨ ਕਰ ਰਹੇ ਸਨ, ਜਦੋਂ ਉਨ੍ਹਾਂ ’ਤੇ ਪੁਲਿਸ਼ ਨੇ ਅੱਤ ਦਰਜੇ ਦਾ ਜਬਰ ਢਾਹਿਆ। ਸੂਬਾ ਸਕੱਤਰ ਨੇ ਕਿਹਾ ਕਿ ਮਜ਼ਦੂਰ ਘੱਟੋ-ਘੱਟ ਉਜਰਤ ਤੇ ਓਵਰਟਾਈਮ ਦਾ ਬਕਾਇਆ ਲੈਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਕੇਂਦਰ ਸਰਕਾਰ ਨੇ ਅੰਨ੍ਹਾ ਤਸ਼ੱਦਦ ਢਾਹਿਆ। ਕਾਮਰੇਡ ਸੇਖੋਂ ਨੇ ਦੇਸ਼ ਦੇ ਮਿਹਨਤਕਸ਼ ਲੋਕਾਂ, ਮਜਦੂਰਾਂ, ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਕੱਠੇ ਹੋ ਕੇ ਸੰਘਰਸ਼ ਵਿੱਢਣ ਤਾਂ ਜੋ ਬਣਦੇ ਹੱਕ ਹਾਸਲ ਕੀਤੇ ਜਾ ਸਕਣ।