ਲਤੀਫਪੁਰਾ ਰੋਡ ਦਾ ਕਬਜ਼ਾ ਖਾਲੀ ਕਰਵਾਉਣ ਲਈ ਹੁਣ ਤਕ ਕੋਈ ਕਾਰਵਾਈ ਨਹੀਂ, ਕੱਲ੍ਹ ਦੇਣੀ ਹੈ ਰਿਪੋਰਟ
ਲਤੀਫਪੁਰਾ ਰੋਡ ਦਾ ਕਬਜ਼ਾ ਖਾਲੀ ਕਰਵਾਉਣ ਲਈ ਹੁਣ ਤੱਕ ਕੋਈ ਕਾਰਵਾਈ ਨਹੀਂ, ਕੱਲ੍ਹ ਦੇਣੀ ਹੈ ਰਿਪੋਰਟ
Publish Date: Sun, 08 Feb 2026 08:29 PM (IST)
Updated Date: Sun, 08 Feb 2026 09:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਤੀਫਪੁਰਾ ’ਚ 120 ਫੁੱਟ ਰੋਡ ’ਤੇ ਹੋਏ ਕਬਜ਼ੇ ਖਾਲੀ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਈਕੋਰਟ ਵੱਲੋਂ 9 ਫਰਵਰੀ ਤਕ ਦੀ ਮਿਆਦ ਦਿੱਤੀ ਗਈ ਸੀ, ਪਰ ਐਤਵਾਰ ਸ਼ਾਮ ਤਕ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ। ਹੁਣ ਸੋਮਵਾਰ ਦਾ ਇੱਕ ਹੀ ਦਿਨ ਬਚਦਾ ਹੈ, ਜਿਸ ਤੋਂ ਬਾਅਦ ਮੰਗਲਵਾਰ ਨੂੰ ਇਸ ਮਾਮਲੇ ’ਚ ਹਾਈਕੋਰਟ ’ਚ ਰਿਪੋਰਟ ਪੇਸ਼ ਕਰਨੀ ਹੈ। 20 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਸ਼ ਹੋਏ ਐਡੀਸ਼ਨਲ ਏਜੀ ਨੇ ਪ੍ਰਸ਼ਾਸਨ ਦੀ ਵਿਅਸਤਤਾ ਦਾ ਹਵਾਲਾ ਦੇ ਕੇ ਹੋਰ ਮਿਆਦ ਦੀ ਮੰਗ ਕੀਤੀ ਸੀ ਤੇ 9 ਫਰਵਰੀ ਤਕ ਕਬਜ਼ੇ ਖਾਲੀ ਕਰਵਾਉਣ ਦੀ ਗੱਲ ਕਹੀ ਸੀ। ਇੰਪਰੂਵਮੈਂਟ ਟਰੱਸਟ ਨੇ ਦਸੰਬਰ 2022 ’ਚ ਲਤੀਫਪੁਰਾ ’ਚ ਕਬਜ਼ੇ ਖਾਲੀ ਕਰਵਾਉਣ ਲਈ ਡਿੱਚ ਮਸ਼ੀਨ ਚਲਾਈ ਸੀ। ਉਸ ਤੋਂ ਬਾਅਦ ਤੋਂ ਲਤੀਫਪੁਰਾ ਦੇ ਪੀੜਤ ਪਰਿਵਾਰ ਪੁਨਰਵਾਸ ਦੀ ਮੰਗ ਨੂੰ ਲੈ ਕੇ ਰੋਡ ’ਤੇ ਕਬਜ਼ਾ ਕਰ ਕੇ ਆਪਣਾ ਸੰਘਰਸ਼ ਜਾਰੀ ਰੱਖੇ ਹੋਏ ਹਨ। ਇਸ ਕਾਰਨ ਰੋਡ ਬੰਦ ਹੋਣ ਨਾਲ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਗੁਰਦੁਆਰਾ ਸਾਹਿਬ, ਮੰਦਰ, ਸਕੂਲ, ਹਸਪਤਾਲ, ਮਾਡਲ ਟਾਊਨ ਸ਼ਮਸ਼ਾਨ ਭੂਮੀ ਜਾਣ ਸਮੇਤ ਦਰਜਨਾਂ ਕਾਲੋਨੀਆਂ ਦਾ ਰਸਤਾ ਬੰਦ ਪਿਆ ਹੈ। ਹਾਈਕੋਰਟ ਨੇ 29 ਜੁਲਾਈ 2025 ਨੂੰ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਰੋਡ ਦਾ ਕਬਜ਼ਾ ਖਾਲੀ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਪਰ ਲਗਭਗ ਤਿੰਨ ਮਹੀਨੇ ਤਕ ਵੀ ਕਬਜ਼ੇ ਖਾਲੀ ਨਾ ਹੋਣ ’ਤੇ ਯਾਚਿਕਾਕਰਤਾ ਦੇ ਵਕੀਲ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਦੇ ਮਾਮਲੇ ’ਚ ਅਵਮਾਨਨਾ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਅਵਮਾਨਨਾ ਮਾਮਲੇ ਦੀ ਸੁਣਵਾਈ ਦੌਰਾਨ ਪ੍ਰਸ਼ਾਸਨ ਨੇ ਕਾਰਵਾਈ ਲਈ ਹੋਰ ਸਮਾਂ ਮੰਗਿਆ ਸੀ, ਜਿਸ ’ਤੇ ਅਦਾਲਤ ਨੇ ਕਬਜ਼ੇ ਖਾਲੀ ਕਰਵਾ ਕੇ 21 ਜਨਵਰੀ ਦੀ ਸੁਣਵਾਈ ’ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਸੁਣਵਾਈ ਦੌਰਾਨ 9 ਫਰਵਰੀ ਤਕ ਕਬਜ਼ੇ ਖਾਲੀ ਕਰਵਾਉਣ ਦੀ ਗੱਲ ਕਹਿ ਕੇ ਪ੍ਰਸ਼ਾਸਨ ਨੂੰ 9 ਫਰਵਰੀ ਤਕ ਦੀ ਮਿਆਦ ਮਿਲ ਗਈ ਸੀ, ਪਰ ਇਸ ਦੇ ਬਾਵਜੂਦ ਹੁਣ ਤਕ ਕਬਜ਼ੇ ਖਾਲੀ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਕਬਜ਼ੇ ਨਾ ਖਾਲੀ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪਲਾਈਨ ਪਾਉਣ ਦਾ ਕੰਮ ਵੀ ਅਟਕਿਆ ਹੋਇਆ ਹੈ, ਜਿਸ ਕਾਰਨ ਮਾਡਲ ਟਾਊਨ ਸ਼ਮਸ਼ਾਨ ਭੂਮੀ ਨੇੜੇ ਬਣ ਰਹੇ ਅੰਡਰਗਰਾਊਂਡ ਟੈਂਕ ਨਾਲ ਪਾਈਪਲਾਈਨ ਜੋੜਨ ਦਾ ਕੰਮ ਵੀ ਰੁਕਿਆ ਪਿਆ ਹੈ।