ਨਿਤਿਨ ਕੋਹਲੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦਾ ਕੀਤਾ ਸਵਾਗਤ
ਨਿਤਿਨ ਕੋਹਲੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਦੇ ਦੂਜੇ ਪੜਾਅ ਦਾ ਸਵਾਗਤ ਕੀਤਾ
Publish Date: Thu, 08 Jan 2026 07:10 PM (IST)
Updated Date: Fri, 09 Jan 2026 04:09 AM (IST)

- ਕਿਹਾ, ਪੰਜਾਬ ਦੇ ਭਵਿੱਖ ਲਈ ਮੁੱਖ ਮੰਤਰੀ ਮਾਨ ਨੇ ਚੁੱਕਿਆ ਇਤਿਹਾਸਕ ਕਦਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦਾ ਸਵਾਗਤ ਕਰਦਿਆਂ ਜਲੰਧਰ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਮੁਹਿੰਮ ਪੰਜਾਬ ਦੀ ਨੌਜਵਾਨ ਪੀੜ੍ਹੀ, ਸਮਾਜ ਤੇ ਆਉਣ ਵਾਲੀ ਪੀੜ੍ਹੀ ਲਈ ਇਕ ਮਜ਼ਬੂਤ, ਫ਼ੈਸਲਾਕੁੰਨ ਤੇ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਕਾਰਵਾਈ ਨਹੀਂ, ਸਗੋਂ ਇਕ ਸਮਾਜਿਕ ਜਨ–ਅੰਦੋਲਨ ਬਣ ਚੁੱਕਾ ਹੈ, ਜਿਸ ’ਚ ਸਰਕਾਰ, ਪੁਲਿਸ ਤੇ ਜਨਤਾ ਮਿਲ ਕੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ। ਨਿਤਿਨ ਕੋਹਲੀ ਨੇ ਕਿਹਾ ਕਿ ਪਹਿਲੇ ਪੜਾਅ ’ਚ ਵੱਡੇ ਪੱਧਰ ’ਤੇ ਕਾਰਵਾਈ ਹੋਈ, ਹਜ਼ਾਰਾਂ ਨਸ਼ਾ ਤਸਕਰ ਗ੍ਰਿਫ਼ਤਾਰ ਹੋਏ, ਵੱਡੇ ਨੈੱਟਵਰਕ ਤੋੜੇ ਗਏ, ਗ਼ੈਰ-ਕਾਨੂੰਨੀ ਸੰਪਤੀਆਂ ’ਤੇ ਕਾਰਵਾਈ ਹੋਈ ਤੇ ਅਦਾਲਤਾਂ ’ਚ ਰਿਕਾਰਡ ਦੋਸ਼–ਸਿੱਧ ਦਰਜ ਹੋਈ। ਹੁਣ ਦੂਜੇ ਪੜਾਅ ’ਚ ਲੋਕਾਂ ਨੂੰ ਸਿੱਧੇ ਤੌਰ ’ਤੇ ਸ਼ਾਮਲ ਕਰਨ ਲਈ ਵਿਲੇਜ ਡਿਫੈਂਸ ਕਮੇਟੀਆਂ ਦੀ ਬਣਤ, ਮਿਸਡ ਕਾਲ ਨੰਬਰ ਤੇ ਮੋਬਾਈਲ ਐਪ ਵਰਗੇ ਆਧੁਨਿਕ ਤੇ ਪਾਰਦਰਸ਼ੀ ਮਕੈਨਿਜ਼ਮ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਹਰ ਪਿੰਡ ਤੇ ਵਾਰਡ ’ਚ ਨਸ਼ੇ ਵਿਰੁੱਧ ਮਜ਼ਬੂਤ ਸਮਾਜਕ ਸੁਰੱਖਿਆ ਕਵਚ ਤਿਆਰ ਹੋਵੇਗਾ। ਨਿਤਿਨ ਕੋਹਲੀ ਨੇ ਕਿਹਾ ਕਿ ਇਹ ਸਿਰਫ਼ ਤਸਕਰਾਂ ਵਿਰੁੱਧ ਕਾਰਵਾਈ ਨਹੀਂ, ਸਗੋਂ ਨਸ਼ੇ ਦਾ ਸ਼ਿਕਾਰ ਹੋਏ ਬੱਚਿਆਂ ਤੇ ਨੌਜਵਾਨਾਂ ਲਈ ਇਲਾਜ, ਪੁਨਰਵਾਸ ਤੇ ਬਿਹਤਰ ਜੀਵਨ ਦੇਣ ਦਾ ਮਨੁੱਖੀ ਯਤਨ ਹੈ। ਪੰਜਾਬ ’ਚ ਡੀ–ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਸਹੂਲਤਾਂ ਦਾ ਵੱਡਾ ਵਿਸਥਾਰ, ਸਰਕਾਰੀ ਬੈੱਡਾਂ ਦੀ ਵਾਧਾ, ਲੱਖਾਂ ਮਰੀਜ਼ਾਂ ਦਾ ਰਜਿਸਟ੍ਰੇਸ਼ਨ, ਮੁਫ਼ਤ ਇਲਾਜ ਤੇ ਪੁਨਰਵਾਸ ਸੇਵਾਵਾਂ, ਸੁਧਰੇ ਕੇਂਦਰਾਂ ਦੀਆਂ ਸਹੂਲਤਾਂ ਤੇ ਤਜਰਬੇਕਾਰ ਡਾਕਟਰਾਂ ਤੇ ਮਾਨਸਿਕ ਮਾਹਿਰਾਂ ਦੀ ਟ੍ਰੇਨਿੰਗ ਇਹ ਸਾਬਤ ਕਰਦੀ ਹੈ ਕਿ ਸਰਕਾਰ ਨਸ਼ੇ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਮੁੜ ਮੁੱਖ ਧਾਰਾ ’ਚ ਲਿਆਉਣ ਲਈ ਗੰਭੀਰ ਤੇ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਡਰੋਨ ਗਤੀਵਿਧੀਆਂ ’ਤੇ ਨਿਯੰਤਰਣ, ਵੱਡੀ ਮਾਤਰਾ ’ਚ ਨਸ਼ਾ ਬਰਾਮਦਗੀ, ਅੰਤਰਰਾਸ਼ਟਰੀ ਨੈੱਟਵਰਕ ’ਤੇ ਕਾਰਵਾਈ ਤੇ ਉੱਚ ਦੋਸ਼–ਸਿੱਧੀ ਦਰ ਇਹ ਦਰਸਾਉਂਦੀ ਹੈ ਕਿ ਪੰਜਾਬ ਨਸ਼ੇ ਵਿਰੁੱਧ ਇਕ ਵਿਗਿਆਨਕ, ਯੋਜਨਾਬੱਧ ਤੇ ਨਤੀਜਾ–ਕੇਂਦਰਤ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਨਿਤਿਨ ਕੋਹਲੀ ਨੇ ਯਕੀਨ ਪ੍ਰਗਟਾਇਆ ਕਿ ਇਸ ਅਭਿਆਨ ਨਾਲ ਪੰਜਾਬ ’ਚ ਨਸ਼ੇ ਦੀ ਸਪਲਾਈ ਲਾਈਨ ਟੁੱਟੇਗੀ, ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਮਿਲੇਗਾ, ਸਮਾਜ ਮਜ਼ਬੂਤ ਹੋਵੇਗਾ ਤੇ “ਰੰਗਲਾ ਪੰਜਾਬ” ਦਾ ਸਪਨਾ ਸਾਕਾਰ ਹੋਵੇਗਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਨ, ਨਸ਼ਾ ਕਰਨ ਵਾਲਿਆਂ ਨੂੰ ਮੁਲਜ਼ਮ ਨਹੀਂ ਸਗੋਂ ਮਰੀਜ਼ ਸਮਝ ਕੇ ਉਨ੍ਹਾਂ ਨੂੰ ਇਲਾਜ ਤੇ ਪੁਨਰਵਾਸ ਵੱਲ ਪ੍ਰੇਰਿਤ ਕਰਨ ਤੇ ਆਪਣੇ ਪਿੰਡਾਂ-ਸ਼ਹਿਰਾਂ ਤੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ’ਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੀ ਸਿਹਤ, ਸੁਰੱਖਿਆ, ਸਮਾਜਕ ਢਾਂਚੇ, ਨੌਜਵਾਨ ਤਾਕਤ ਤੇ ਆਰਥਿਕ ਤਰੱਕੀ ਲਈ ਮੀਲ–ਪੱਥਰ ਸਾਬਤ ਹੋਵੇਗੀ।