ਕੋਹਲੀ ਨੇ ਓਐੱਸਡੀ ਘੁੰਮਣ ਨੂੰ ਕਿਤਾਬ ਭੇਟ ਕਰ ਕੇ ਸਨਮਾਨਿਆ
ਓਐੱਸਡੀ ਰਾਜਵੀਰ ਸਿੰਘ ਘੁੰਮਣ ਨਾਲ ਨਿਤਿਨ ਕੋਹਲੀ ਦੀ ਮੁਲਾਕਾਤ, ਪੁਸਤਕ ਭੇਂਟ ਕਰਕੇ ਕੀਤਾ ਸਨਮਾਨ
Publish Date: Wed, 25 Mar 2026 09:07 PM (IST)
Updated Date: Wed, 25 Mar 2026 09:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ’ਤੇ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੇ ਇੰਚਾਰਜ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਨਿਤਿਨ ਕੋਹਲੀ ਵੱਲੋਂ ਰਵਾਇਤੀ ਬੁੱਕੇ ਦੀ ਥਾਂ ਪੁਸਤਕ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ, ਜੋ ਇਕ ਸਕਾਰਾਤਮਕ ਤੇ ਗਿਆਨ ਪ੍ਰਧਾਨ ਸੰਦੇਸ਼ ਦੇਣ ਵਾਲਾ ਉਪਰਾਲਾ ਰਿਹਾ। ਮੁਲਾਕਾਤ ਦੌਰਾਨ ਜਲੰਧਰ ਦੇ ਮੇਅਰ ਵਨੀਤ ਧੀਰ ਤੇ ਚੇਅਰਮੈਨ ਗਗਨਦੀਪ ਸਿੰਘ ਅਲੂਵਾਲੀਆ ਵੀ ਮੌਜੂਦ ਰਹੇ। ਚਰਚਾ ਦੌਰਾਨ ਨਿਤਿਨ ਕੋਹਲੀ ਨੇ ਜਲੰਧਰ ਸੈਂਟਰਲ ਨਾਲ ਸਬੰਧਤ ਅਹਿਮ ਮਸਲੇ ਜਿਵੇਂ ਕਿ ਬੁਨਿਆਦੀ ਢਾਂਚਾ, ਸਫਾਈ ਪ੍ਰਬੰਧ, ਟ੍ਰੈਫਿਕ ਵਿਵਸਥਾ ਤੇ ਸਰਕਾਰੀ ਸੇਵਾਵਾਂ ਦੇ ਸੁਧਾਰ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕਾਂ ਦੇ ਮਸਲਿਆਂ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਨਿਤਿਨ ਕੋਹਲੀ ਵੱਲੋਂ ਆਉਣ ਵਾਲੀ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਮਾਗਮ ’ਚ ਜਲੰਧਰ ਦੀ ਅਹਿਮ ਭੂਮਿਕਾ ਰਹੇਗੀ, ਜਿਸ ਨਾਲ ਸ਼ਹਿਰ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਮਿਲੇਗੀ ਤੇ ਨੌਜਵਾਨਾਂ ’ਚ ਖੇਡਾਂ ਪ੍ਰਤੀ ਰੁਝਾਨ ਵਧੇਗਾ। ਨਿਤਿਨ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕ-ਭਲਾਈ ਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਜਲੰਧਰ ਦੇ ਸਮੁੱਚੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਦੇ ਮਸਲੇ ਜਲਦੀ ਹੱਲ ਕੀਤੇ ਜਾਣਗੇ।