ਨਿਤਿਨ ਕੋਹਲੀ ਵੱਲੋਂ ਵਾਲੀਬਾਲ ਕੋਰਟ ਦਾ ਉਦਘਾਟਨ
ਨਿਤਿਨ ਕੋਹਲੀ ਵੱਲੋਂ ‘ਫਿਟ ਸੈਂਟਰਲ’ ਮੁਹਿੰਮ ਤਹਿਤ ਵਾਰਡ ਨੰਬਰ 12 ’ਚ ਵਾਲੀਬਾਲ ਕੋਰਟ ਦਾ ਉਦਘਾਟਨ
Publish Date: Mon, 12 Jan 2026 07:38 PM (IST)
Updated Date: Mon, 12 Jan 2026 07:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਹਲਕਾ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਕੋਹਲੀ ਨੇ ਸੋਮਵਾਰ ਨੂੰ ਵਾਰਡ ਨੰਬਰ 12 ’ਚ ਵਾਲੀਬਾਲ ਕੋਰਟ ਦਾ ਉਦਘਾਟਨ ਕੀਤਾ। ਇਹ ਵਾਲੀਬਾਲ ਕੋਰਟ ਕਰੀਬ ਇਕ ਮਹੀਨੇ ਦੇ ਅੰਦਰ ਤਿਆਰ ਕੀਤਾ ਜਾਵੇਗਾ। ਇਸ ਮੌਕੇ ਇਕੱਠਾ ਨੂੰ ਸੰਬੋਧਨ ਕਰਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਉਪਰਾਲਾ ‘ਫਿਟ ਸੈਂਟਰਲ’ ਮੁਹਿੰਮ ਤਹਿਤ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਇਲਾਕੇ ’ਚ ਸਿਹਤਮੰਦ ਤੇ ਸਰਗਰਮ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਇਹ ਨੌਜਵਾਨਾਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਵਿਕਾਸ ਦੀ ਮਜ਼ਬੂਤ ਨੀਂਹ ਹਨ। ਅੱਜ ਦੇ ਸਮੇਂ ’ਚ ਨੌਜਵਾਨਾਂ ਨੂੰ ਨਸ਼ਿਆਂ ਤੇ ਨਕਾਰਾਤਮਕ ਗਤੀਵਿਧੀਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ‘ਫਿਟ ਸੈਂਟਰਲ’ ਮੁਹਿੰਮ ਤਹਿਤ ਜਲੰਧਰ ਸੈਂਟਰਲ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਖੇਡਾਂ ਤੇ ਫਿਟਨੈੱਸ ਨਾਲ ਸਬੰਧਤ ਸੁਵਿਧਾਵਾਂ ਨੂੰ ਲਗਾਤਾਰ ਵਿਕਸਿਤ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਹੋਰ ਵੀ ਕਈ ਖੇਡ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਤਾਂ ਜੋ ਜਲੰਧਰ ਸੈਂਟਰਲ ਨੂੰ ਇਕ ਫਿੱਟ, ਤੰਦਰੁਸਤ ਤੇ ਸਰਗਰਮ ਹਲਕਾ ਬਣਾਇਆ ਜਾ ਸਕੇ। ਨਿਤਿਨ ਕੋਹਲੀ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਜਾਵੇ ਤੇ ਇਕ ਸਿਹਤਮੰਦ, ਮਜ਼ਬੂਤ ਤੇ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਇਆ ਜਾਵੇ। ਇਸ ਮੌਕੇ ਸ਼ਿਵਮ ਸ਼ਰਮਾ ਕੌਂਸਲਰ, ਮਨੀਸ਼ ਸ਼ਰਮਾ, ਸੰਜੀਵ ਤ੍ਰੇਹਨ, ਧੀਰਜ ਸੇਠ, ਪਰਵੀਨ ਪੱਬੀ, ਐੱਮਬੀ ਬਾਲੀ, ਸ਼ਿਵਮ ਸ਼ਰਮਾ, ਰਾਜੂ, ਕਮਲ ਭੁੱਲਰ, ਜੱਸੀ ਬ੍ਰਿੰਗ, ਮੋਹਿਤ ਸ਼ਰਮਾ, ਅਰੁਣਜੀਤ ਸਿੰਘ, ਭੁਪਿੰਦਰ ਬ੍ਰਿੰਗ, ਕੇਕੇ ਪਾਲ, ਲਖਵੀਰ ਸਿੰਘ ਰਿੰਗ, ਯੋਧੀ ਬ੍ਰਿੰਗ, ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਦਲਜਿੰਦਰ ਸਿੰਘ, ਬਲਦੇਵ ਸਿੰਘ ਤੇ ਬਲਬੀਰ ਸਿੰਘ ਟੂਟ ਸ਼ਾਮਲ ਸਨ।