ਲੱਧੇਵਾਲੀ ਸਕੂਲ ਦੇ ਸਾਲਾਨਾ ਸਮਾਗਮ ’ਚ ਪੁੱਜੇ ਨਿਤਿਨ ਕੋਹਲੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 10:44 PM (IST)
Updated Date: Fri, 13 Feb 2026 10:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਦੀ ਬੈਂਡ ਟੀਮ ਨਾਲ ਪ੍ਰਿੰਸੀਪਲ ਤਜਿੰਦਰ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀਆਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲੈ ਕੇ ਸਕੂਲ ਪੁੱਜੇ। ਰਸਤੇ ’ਚ ਬੈਂਡ ਟੀਮ ਤੇ ਗੱਤਕਾ ਪਾਰਟੀ ਨੇ ਜੌਹਰ ਦਿਖਾਏ। ਸਕੂਲ ਪੁੱਜ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ। ਅਰਦਾਸ ਉਪਰੰਤ ਇਸ ਸਮਾਗਮ ’ਚ ਮੁੱਖ ਮਹਿਮਾਨ ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟਰਲ ਪੁੱਜੇ। ਪ੍ਰਿੰਸੀਪਲ ਤਜਿੰਦਰ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਪਿਛਲੇ ਸਾਲ ਦੀਆਂ ਉਪਲੱਬਧੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਿਛਲੇ ਸਾਲ ਪੜ੍ਹਾਈ, ਖੇਡਾਂ, ਕਲਰਲ ਗਤੀਵਿਧੀਆਂ ’ਚ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਦਿੱਤੀ ਤੇ ਵਿਕਾਸ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਉਪਰੰਤ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਵੱਲੋਂ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਮੁੱਖ ਮਹਿਮਾਨ ਨਿਤਿਨ ਕੋਹਲੀ ਨੇ ਸਕੂਲ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਬਿਹਤਰੀ ਲਈ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕੌਂਸਲਰ ਅਮਰਦੀਪ ਨੀਨੂੰ, ਸਮਸ਼ੇਰ ਸਿੰਘ ਖਹਿਰਾ, ਤਰਲੋਕ ਸਿੰਘ ਸਰਾਂ, ਮੰਨਾ ਸਿੰਘ, ਸਕੂਲ ਕਮੇਟੀ ਦੀ ਪ੍ਰਧਾਨ ਸਤਨਾਮ ਕੌਰ, ਗੁਰਪ੍ਰੀਤ ਰੰਧਾਵਾ, ਬਲਦੇਵ ਸਿੰਘ, ਪਰਮਿੰਦਰ ਸਿੰਘ, ਗੁਲਸ਼ਨ ਕੁਮਾਰ, ਕਮਲਾ ਦੇਵੀ, ਸੁਨੀਤਾ ਮੰਗੋਤਰਾ, ਹੇਮਾ, ਮੋਨੀਤਾ, ਰਣਜੀਤਾ, ਰਾਜ ਰਾਣੀ, ਅੰਜੂ ਰਤਨ, ਸੁਰਿੰਦਰ ਪਾਲ ਸਮੇਤ ਸਟਾਫ, ਵਿਦਿਆਰਥੀਆਂ, ਮਾਪੇ ਤੇ ਇਲਾਕੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਦਾ ਸੰਚਾਲਨ ਮਹਿੰਦਰ ਪਾਲ ਸਾਇੰਸ ਮਾਸਟਰ ਨੇ ਕੀਤਾ। ਅੰਤ ’ਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।