ਨਿੱਕੇ ਘੁੰਮਣ, ਹਰਚੋਵਾਲ, ਚਚਰਾੜੀ ਤੇ ਬਾਬਾ ਬਕਾਲਾ ਸੈਮੀਫਾਈਨਲ ’ਚ
ਨਿੱਕੇ ਘੁੰਮਣ, ਹਰਚੋਵਾਲ, ਚਚਰਾੜੀ ਤੇ ਬਾਬਾ ਬਕਾਲਾ ਨੇ ਸੈਮੀਫਾਈਨਲ ’ਚ ਕੀਤਾ ਪ੍ਰਵੇਸ਼
Publish Date: Fri, 16 Jan 2026 09:30 PM (IST)
Updated Date: Fri, 16 Jan 2026 09:33 PM (IST)

- ਚੌਥੇ ਰਾਊਂਡਗਲਾਸ ਇੰਟਰ-ਡਿਵੈੱਲਪਮੈਂਟ ਸੈਂਟਰ ਹਾਕੀ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੈਚ ਹੋਏ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਰਾਊਂਡ ਗਲਾਸ ਹਾਕੀ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਚੌਥੇ ਰਾਊਂਡ ਗਲਾਸ ਇੰਟਰ ਡਿਵੈੱਲਪਮੈਂਟ ਸੈਂਟਰ ਹਾਕੀ ਟੂਰਨਾਮੈਂਟ ਦੇ ਸ਼ੁੱਕਰਵਾਰ ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚਾਰ ਕੁਆਰਟਰ ਫਾਈਨਲ ਮੈਚ ਖੇਡੇ ਗਏ। ਪਿਛਲੇ ਦੋ ਮਹੀਨਿਆਂ ਤੋਂ 14 ਨਵੰਬਰ ਤੋਂ ਚੱਲ ਰਹੇ ਇਸ ਟੂਰਨਾਮੈਂਟ ’ਚ ਪੰਜਾਬ ਭਰ ਦੀਆਂ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਕੁਆਰਟਰ ਫਾਈਨਲ-1 ’ਚ ਰਾਊਂਡਗਲਾਸ ਨਿੱਕੇ ਘੁੰਮਣ ਨੇ ਡਿਫੈਂਡਿੰਗ ਚੈਂਪੀਅਨ ਰਾਊਂਡਗਲਾਸ ਮਿੱਠਾਪੁਰ ਨੂੰ 3-0 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਵਾਰ ਨਿੱਕੇ ਘੁੰਮਣ ਪੂਰੀ ਤਰ੍ਹਾਂ ਹਾਵੀ ਨਜ਼ਰ ਆਏ। ਜਸਪ੍ਰੀਤ ਸਿੰਘ ਨੇ 14ਵੇਂ ਤੇ 28ਵੇਂ ਮਿੰਟ ’ਚ ਲਗਾਤਾਰ ਦੋ ਗੋਲ ਕਰ ਕੇ ਟੀਮ ਨੂੰ ਮਜ਼ਬੂਤ ਅਗੇਤ ਦਿਵਾਈ, ਉਸ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਕੁਆਰਟਰ ਫਾਈਨਲ-2 ’ਚ ਹਰਚੋਵਾਲ ਤੇ ਚਹਿਲ ਕਲਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਤਰਨਵੀਰ ਸਿੰਘ ਨੇ 29ਵੇਂ ਮਿੰਟ ’ਚ ਚਹਿਲ ਕਲਾਂ ਨੂੰ ਅਗੇਤ ਦਿਵਾਈ ਪਰ ਹਰਚੋਵਾਲ ਦੇ ਰਾਜਵਿੰਦਰ ਸਿੰਘ ਨੇ ਜਲਦੀ ਹੀ ਬਰਾਬਰੀ ਕਰ ਲਈ। ਇਸ ਤੋਂ ਬਾਅਦ ਖੁਸ਼ਦੀਪ ਨੇ ਫਿਰ ਚਾਹਲ ਕਲਾਂ ਨੂੰ ਅਗੇਤ ਦਿਵਾਈ, ਹਰਚੋਵਾਲ ਨੇ ਸ਼ਾਨਦਾਰ ਵਾਪਸੀ ਕਰਦਿਆਂ 53ਵੇਂ ਤੇ 55ਵੇਂ ਮਿੰਟ ’ਚ ਕਪਤਾਨ ਜਤਿਨ ਵੱਲੋਂ ਕੀਤੇ ਦੋ ਗੋਲਾਂ ਨਾਲ ਮੈਚ ਜਿੱਤ ਲਿਆ। ਜਤਿਨ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। ਤੀਜੇ ਕੁਆਰਟਰ ਫਾਈਨਲ ’ਚ ਰਾਊਂਡਗਲਾਸ ਰੂਪਨਗਰ ਨੇ ਰਾਊਂਡ ਗਲਾਸ ਚਚਰਾੜੀ ਨੂੰ 5-2 ਨਾਲ ਹਰਾਇਆ। ਮੈਚ ਦੀ ਸ਼ੁਰੂਆਤ ਚਚਰਾੜੀ ਦੇ ਊਧਮ ਸਿੰਘ ਨੇ ਛੇਵੇਂ ਮਿੰਟ ’ਚ ਗੋਲ ਕਰਨ ਨਾਲ ਕੀਤੀ, ਰੂਪਨਗਰ ਨੇ ਜ਼ਬਰਦਸਤ ਜਵਾਬੀ ਹਮਲਾ ਕੀਤਾ। ਅਰੁਣ, ਹਰਸ਼ਜੋਤ ਸਿੰਘ ਤੇ ਜਗਦੀਸ਼ ਨੇ ਲਗਾਤਾਰ ਤਿੰਨ ਗੋਲ ਕਰਕੇ ਮੈਚ ਦਾ ਰੁਖ ਬਦਲ ਦਿੱਤਾ। ਚਚਰਾੜੀ ਨੇ 36ਵੇਂ ਮਿੰਟ ’ਚ ਗੋਲ ਕੀਤਾ ਪਰ ਰੂਪਨਗਰ ਨੇ ਦੋ ਹੋਰ ਗੋਲ ਕਰ ਕੇ ਜਿੱਤ ਪੱਕੀ ਕਰ ਲਈ। ਹਰਸ਼ਜੋਤ ਸਿੰਘ ਨੇ ਹੈਟ੍ਰਿਕ ਪੂਰੀ ਕੀਤੀ, ਜਦ ਕਿ ਦਿਪਾਂਸ਼ੂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਆਖਰੀ ਕੁਆਰਟਰ ਫਾਈਨਲ ਧੰਨੋਵਾਲੀ ਤੇ ਬਾਬਾ ਬਕਾਲਾ ਵਿਚਕਾਰ ਖੇਡਿਆ ਗਿਆ। ਧੰਨੋਵਾਲੀ ਦੀ ਟੀਮ ਨੇ ਦੂਜੇ ਤੇ ਤੀਜੇ ਕੁਆਰਟਰ ’ਚ ਜ਼ਬਰਦਸਤ ਖੇਡ ਦਿਖਾਉਂਦੇ ਹੋਏ 3-1 ਦੀ ਅਗੇਤ ਬਣਾ ਲਈ ਤੇ 45 ਮਿੰਟ ਦੇ ਅੰਤ ਤੱਕ ਸਕੋਰ ਬਰਾਬਰ ਕਰਨ ਤੋਂ ਬਾਅਦ ਬਾਬਾ ਬਕਾਲਾ ਨੇ ਆਖਰੀ ਕੁਆਰਟਰ ’ਚ ਤਿੰਨ ਗੋਲ ਕਰ ਕੇ 6-3 ਨਾਲ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਸ਼ਮਸ਼ੇਰ ਸਿੰਘ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ, ਸੁਰਿੰਦਰ ਸਿੰਘ ਭਾਪਾ ਤੇ ਸਾਬਕਾ ਭਾਰਤੀ ਹਾਕੀ ਖਿਡਾਰੀ ਦਲਜੀਤ ਸਿੰਘ ਤੇ ਜਗਦੀਪ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਰਜਿੰਦਰ ਸਿੰਘ ਸੀਨੀਅਰ ਓਲੰਪੀਅਨ, ਅਸ਼ਫਾਕ ਉੱਲਾ ਖਾਨ, ਸੰਜੀਵ ਕੁਮਾਰ ਓਲੰਪੀਅਨ, ਲਕਸ਼ੈ ਰਾਏਕਵਾਰ, ਚੜ੍ਹਤ ਸਿੰਘ, ਮਲਕੀਤ ਸਿੰਘ ਅੰਪਾਇਰ, ਪਰਮਿੰਦਰ ਕੌਰ ਹਾਕੀ ਕੋਚ, ਅਵਤਾਰ ਸਿੰਘ ਹਾਕੀ ਕੋਚ, ਕੁਲਦੀਪ ਸਿੰਘ ਕੋਚ, ਬਲਜੋਤ ਸਿੰਘ ਅੰਪਾਇਰ, ਵਿਕਾਸ ਪਾਲ, ਰਵਿੰਦਰ ਸਿੰਘ ਲਾਲੀ, ਮਨੀਸ਼ ਸਿੰਘ ਪੰਚ, ਬਲਵੰਤ ਸਿੰਘ, ਕੋਚ, ਬਲਜੀਤ ਸਿੰਘ ਸੀਨੀਅਰ ਓਲੰਪੀਅਨ, ਰਜਿੰਦਰ ਕੁਮਾਰ ਸ਼ਰਮਾ, ਕਰਨ ਸਿੰਘ ਅੰਪਾਇਰ, ਸੁਖਵਿੰਦਰ ਸਿੰਘ, ਰਾਜਬੀਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ ਰਾਹੁਲ, ਯਸ਼ਦੀਪ ਗੋਇਲ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ | - ਅੱਜ ਖੇਡੇ ਜਾਣਗੇ ਸੈਮੀਫਾਈਨਲ ਮੁਕਾਬਲੇ ਰਾਊਂਡਗਲਾਸ ਬਾਬਾ ਬਕਾਲਾ ਤੇ ਨਿੱਕੇ ਘੁੰਮਣ ਵਿਚਾਲੇ ਸਵੇਰੇ 11 ਵਜੇ। ਰਾਊਂਡਗਲਾਸ ਹਰਚੋਵਾਲ ਅਤੇ ਰੂਪਨਗਰ ਵਿਚਾਲੇ ਦੁਪਹਿਰ 1.00 ਵਜੇ।