ਡੀਸੀ ਦੇ ਨਿਰਦੇਸ਼ਾਂ ’ਤੇ ਐੱਨਐੱਚਏਆਈ ਵੱਲੋਂ ਬਲੈਕ ਸਪਾਟ ਦਰੁੱਸਤ
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਐੱਨਐੱਚਏਆਈ ਵੱਲੋਂ ਬਲੈਕ ਸਪੋਟ ਦਰੁੱਸਤ
Publish Date: Thu, 29 Jan 2026 06:44 PM (IST)
Updated Date: Thu, 29 Jan 2026 06:46 PM (IST)
-ਕਰਤਾਰਪੁਰ-ਕਿਸ਼ਨਗੜ੍ਹ ਕ੍ਰਾਸਿੰਗ ’ਤੇ ਸਪੀਡ ਬ੍ਰੇਕਰ ਲਾ ਕੇ ਹਾਦਸਿਆਂ ’ਤੇ ਪਾਇਆ ਕਾਬੂ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ ਕਰਤਾਰਪੁਰ-ਕਿਸ਼ਨਗੜ੍ਹ ਕ੍ਰਾਸਿੰਗ ’ਤੇ ਪੈਂਦੇ ਇਕ ਬਲੈਕ ਸਪੋਟ ਨੂੰ ਦਰੁੱਸਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਤਾਰਪੁਰ-ਕਿਸ਼ਨਗੜ੍ਹ ਕ੍ਰਾਸ ਰੋਡ, ਜੋ ਸਿੱਧਾ ਨੈਸ਼ਨਲ ਹਾਈਵੇ ’ਤੇ ਮਰਜ ਹੁੰਦੀ ਹੈ, ’ਤੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਅਕਸਰ ਹਾਦਸੇ ਵਾਪਰ ਰਹੇ ਸਨ। ਇਸ ਨੂੰ ਦੇਖਦਿਆਂ ਐੱਨਐੱਚਏਆਈ ਨੂੰ ਲੋੜੀਂਦੇ ਸੁਰੱਖਿਆ ਉਪਾਅ ਕਰਨ ਲਈ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਐੱਨਐੱਚਏਆਈ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਰਤਾਰਪੁਰ-ਕਿਸ਼ਨਗੜ੍ਹ ਕ੍ਰਾਸਿੰਗ ’ਤੇ ਸਪੀਡ ਬ੍ਰੇਕਰ ਲਾਉਣ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ, ਜਿਸ ਨਾਲ ਵਾਹਨਾਂ ਦੀ ਗਤੀ ਨਿਯੰਤਰਿਤ ਰਹੇਗੀ ਤੇ ਪੈਦਲ ਯਾਤਰੀਆਂ ਸਮੇਤ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣੇਗੀ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਕਦਮ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਹਾਦਸਿਆਂ ਨੂੰ ਘਟਾਉਣ ਵੱਲ ਇਕ ਅਹਿਮ ਕਦਮ ਹੈ। ਉਨ੍ਹਾਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਿਤ ਗਤੀ ਸੀਮਾ ਅੰਦਰ ਵਾਹਨ ਚਲਾਉਣ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਵਾਰ-ਵਾਰ ਵਾਪਰ ਰਹੇ ਹਾਦਸਿਆਂ ਨੂੰ ਧਿਆਨ ’ਚ ਰੱਖਦੇ ਹੋਏ ਡੀਸੀ ਵੱਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਐੱਨਐੱਚਏਆਈ ਤੇ ਟ੍ਰੈਫਿਕ ਪੁਲਿਸ ਨੂੰ ਸਾਂਝੇ ਤੌਰ ’ਤੇ ਕਾਰਵਾਈ ਕਰਕੇ ਬਲੈਕ ਸਪਾਟ ਦਰੁੱਸਤ ਕਰਨ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਸਨ।