ਪਿੱਟਸ ਪ੍ਰੋਜੈਕਟ ਖ਼ਿਲਾਫ਼ ਯਾਚਿਕਾ ਐੱਨਜੀਟੀ ਵੱਲੋਂ ਖ਼ਾਰਜ, 7 ਸਾਲ ਬਾਅਦ ਪਟੜੀ ’ਤੇ ਵਾਪਸ ਆਇਆ ਕੂੜਾ ਪ੍ਰਬੰਧਨ

- ਸਾਲ 2019 ’ਚ ਨੰਗਲ ਸ਼ਾਮਾਂ ’ਚ ਰਿਹਾਇਸ਼ੀ ਵੈੱਲਫੇਅਰ ਸੁਸਾਇਟੀ ਨੇ ਕੀਤਾ ਸੀ ਵਿਰੋਧ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦਾ ਸੋਲਿਡ ਵੇਸਟ ਮੈਨੇਜਮੈਂਟ ਨਾਲ ਜੁੜਿਆ ਮਹੱਤਵਪੂਰਨ ਪਿੱਟਸ ਪ੍ਰਾਜੈਕਟ ਮੁੜ ਪਟੜੀ ’ਤੇ ਆ ਗਿਆ ਹੈ। ਹੁਸ਼ਿਆਰਪੁਰ ਰੋਡ ’ਤੇ ਨੰਗਲ ਸ਼ਾਮਾਂ ’ਚ ਇਸ ਪ੍ਰਾਜੈਕਟ ਦੇ ਵਿਰੋਧ ’ਚ ਦਾਇਰ ਕੀਤੀ ਦਇਆ ਪਟੀਸ਼ਨ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਖ਼ਾਰਜ ਕਰ ਦਿੱਤਾ ਹੈ। ਇਸ ਨਾਲ ਪ੍ਰਾਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਨਗਰ ਨਿਗਮ ਦੀ ਹੈਲਥ ਬ੍ਰਾਂਚ ਨੇ ਇਸ ਨੂੰ ਮੁੜ ਚਲਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫੈਸਲੇ ਦਾ ਅਸਰ ਹੋਰ ਸਾਈਟਾਂ ’ਤੇ ਵੀ ਵੇਖਣ ਨੂੰ ਮਿਲੇਗਾ ਤੇ ਸ਼ਹਿਰ ’ਚ ਜਿੱਥੇ-ਜਿੱਥੇ ਲੋਕ ਵਿਰੋਧ ਕਰ ਰਹੇ ਸਨ, ਉੱਥੇ ਪਿੱਟਸ ਪ੍ਰਾਜੈਕਟ ਸ਼ੁਰੂ ਕਰਨਾ ਆਸਾਨ ਹੋਵੇਗਾ। ਸਾਲ 2019 ’ਚ ਨਗਰ ਨਿਗਮ ਨੇ ਨੰਗਲ ਸ਼ਾਮਾਂ ’ਚ ਆਪਣੀ ਜ਼ਮੀਨ ’ਤੇ 32 ਪਿੱਟਸ ਬਣਾ ਕੇ ਕੂੜੇ ਨੂੰ ਖਾਦ ’ਚ ਬਦਲਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਪ੍ਰਾਜੈਕਟ ਹੇਠ ਲਗਭਗ ਤਿੰਨ ਵਾਰਡਾਂ ਦਾ ਕੂੜਾ ਖਾਦ ’ਚ ਤਬਦੀਲ ਕੀਤਾ ਜਾਣਾ ਸੀ, ਪਰ ਕੁਝ ਦੂਰੀ ’ਤੇ ਬਣੇ ਕਿੰਗਜ਼ ਗਾਰਡਨਜ਼ ਅਪਾਰਟਮੈਂਟ ਦੀ ਰਿਹਾਇਸ਼ੀ ਵੈੱਲਫੇਅਰ ਸੁਸਾਇਟੀ ਨੇ ਇਸ ਨੂੰ ਵਾਤਾਵਰਣ ਲਈ ਖ਼ਤਰਨਾਕ ਦੱਸਦਿਆਂ ਵਿਰੋਧ ਕਰ ਦਿੱਤਾ ਸੀ। ਸੁਸਾਇਟੀ ਨੇ ਇਸ ਖ਼ਿਲਾਫ਼ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰਾਜੈਕਟ ’ਤੇ ਰੋਕ ਲੱਗ ਗਈ ਸੀ। ਹਾਈਕੋਰਟ ਨੇ ਇਸ ਮਾਮਲੇ ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਵੀ ਜਾਣਕਾਰੀ ਮੰਗੀ ਸੀ। ਅਦਾਲਤ ’ਚ ਨਿਗਮ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਸਾਲਿਡ ਵੇਸਟ ਮੈਨੇਜਮੈਂਟ 2016 ਦੇ ਨਿਯਮਾਂ ਹੇਠ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਤੇ 5 ਟਨ ਤੋਂ ਘੱਟ ਸਮਰੱਥਾ ਵਾਲੇ ਪ੍ਰਾਜੈਕਟ ਲਈ ਐੱਨਜੀਟੀ ਤੋਂ ਐੱਨਓਸੀ ਦੀ ਲੋੜ ਨਹੀਂ ਹੁੰਦੀ। ਬਾਅਦ ’ਚ ਹਾਈਕੋਰਟ ਨੇ ਇਹ ਮਾਮਲਾ ਐੱਨਜੀਟੀ ਨੂੰ ਟਰਾਂਸਫਰ ਕਰ ਦਿੱਤਾ। ਐੱਨਜੀਟੀ ਅੱਗੇ ਵੀ ਨਿਗਮ ਨੇ ਇਹੀ ਦਲੀਲ ਦਿੱਤੀ ਤੇ ਦੋਵੇਂ ਪੱਖ ਸੁਣਨ ਤੋਂ ਬਾਅਦ ਟ੍ਰਿਬਿਊਨਲ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ। ਇਹ ਸੁਣਵਾਈ 4 ਫ਼ਰਵਰੀ ਨੂੰ ਹੋਈ ਸੀ ਤੇ ਹੁਣ ਨਿਗਮ ਨੂੰ ਫੈਸਲੇ ਦੀ ਕਾਪੀ ਮਿਲ ਗਈ ਹੈ। ਫੈਸਲਾ ਆਉਣ ਤੋਂ ਬਾਅਦ ਨਿਗਮ ਨੇ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਪਿੱਟਸ ਪ੍ਰਾਜੈਕਟ ਨੂੰ ਸਾਲਿਡ ਵੇਸਟ ਮੈਨੇਜਮੈਂਟ ’ਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ। ਇਕ ਸਾਈਟ ਦਾ ਮਾਮਲਾ ਅਦਾਲਤ ’ਚ ਜਾਣ ਕਾਰਨ ਹੋਰ ਥਾਵਾਂ ’ਤੇ ਵੀ ਕੰਮ ਸੁਸਤ ਹੋ ਗਿਆ ਸੀ। ਹੁਣ ਇਸ ਦੇ ਮੁੜ ਸ਼ੁਰੂ ਹੋਣ ਨਾਲ ਨਿਗਮ ਨੂੰ ਕੂੜਾ ਪ੍ਰਬੰਧਨ ’ਚ ਮਜ਼ਬੂਤੀ ਮਿਲੇਗੀ ਤੇ ਕੇਂਦਰ ਸਰਕਾਰ ਦੇ ਸਵੱਛਤਾ ਸਰਵੇਖਣ ’ਚ ਵੀ ਲਾਭ ਹੋਵੇਗਾ।
- ਬੜਿੰਗ-ਦਕੋਹਾ ਸਮੇਤ ਹੋਰ ਸਾਈਟਾਂ ’ਤੇ ਵੀ ਸ਼ੁਰੂ ਹੋਵੇਗਾ ਕੰਮ, 15 ਹਜ਼ਾਰ ਘਰਾਂ ਦਾ ਕੂੜਾ ਹੋਵੇਗਾ ਪ੍ਰੋਸੈੱਸ
ਐੱਨਜੀਟੀ ’ਚ ਕੇਸ ਜਿੱਤਣ ਤੋਂ ਬਾਅਦ ਨਗਰ ਨਿਗਮ ਹੁਣ ਪਿੱਟਸ ਪ੍ਰਾਜੈਕਟ ਨੂੰ ਵੱਡੇ ਪੱਧਰ ’ਤੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਪ੍ਰਾਜੈਕਟ ਪਹਿਲਾਂ ਬੜਿੰਗ-ਦਕੋਹਾ ਸਾਈਟ ’ਤੇ ਵੀ ਸ਼ੁਰੂ ਹੋਣਾ ਸੀ ਪਰ ਕੰਮ ਵਿਚਕਾਰ ਰੁਕ ਗਿਆ ਸੀ। ਹੁਣ ਇੱਥੇ ਵੀ ਮੁੜ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਸਾਈਟਾਂ ’ਤੇ ਕਰੀਬ 15,000 ਘਰਾਂ ਦੇ ਕੂੜੇ ਨੂੰ ਖਾਦ ’ਚ ਬਦਲਿਆ ਜਾ ਸਕੇਗਾ। ਇਸ ਪ੍ਰਾਜੈਕਟ ਲਈ ਸਟਾਫ ਦੀ ਭਰਤੀ ਵੀ ਕੀਤੀ ਜਾਵੇਗੀ। ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਤਿੰਨਾਂ ਪ੍ਰਾਜੈਕਟਾਂ ’ਚ ਲਗਭਗ 15,000 ਘਰਾਂ ਦਾ ਕਚਰਾ ਪ੍ਰੋਸੈੱਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਕੰਪਲੈਕਸ ’ਚ ਇਕ ਪਲਾਂਟ ਵੀ ਲਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਸਮਰੱਥਾ 5 ਟਨ ਤੋਂ ਘੱਟ ਹੈ।
- ਮੇਅਰ ਵੱਲੋਂ ਹੈਲਥ ਬ੍ਰਾਂਚ ਦੀ ਟੀਮ ਦੀ ਸ਼ਲਾਘਾ
ਮੇਅਰ ਵਿਨੀਤ ਧੀਰ ਨੇ ਐੱਨਜੀਟੀ ’ਚ ਕੇਸ ਜਿੱਤਣ ’ਤੇ ਹੈਲਥ ਬ੍ਰਾਂਚ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਸ਼ਹਿਰ ’ਚ ਕੂੜਾ ਪ੍ਰਬੰਧਨ ਦਾ ਕੰਮ ਆਸਾਨ ਹੋਵੇਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ। ਹੁਣ ਇਸ ਪ੍ਰਾਜੈਕਟ ਨੂੰ ਵੱਡੇ ਪੱਧਰ ’ਤੇ ਉਨ੍ਹਾਂ ਸਾਰੀਆਂ ਸਾਈਟਾਂ ’ਤੇ ਸ਼ੁਰੂ ਕੀਤਾ ਜਾਵੇਗਾ ਜਿੱਥੇ ਲੋਕਾਂ ਨੂੰ ਕੋਈ ਤਕਲੀਫ਼ ਨਾ ਹੋਵੇ।