ਇੰਡੋ ਸਵਿਸ ਸਕੂਲ ’ਚ ਏਆਈ ਤੇ ਰੋਬੋਟਿਕਸ ਲੈਬ ਦੀ ਹੋਈ ਸ਼ੁਰੂਆਤ : ਚੇਅਰਮੈਨ
ਇੰਡੋ ਸਵਿਸ ਸਕੂਲ ਵਿਖੇ ਏਆਈ ਤੇ ਰੋਬੋਟਿਕਸ ਲੈਬ ਦੀ ਹੋਈ ਸ਼ੁਰੂਆਤ – ਚੇਅਰਮੈਨ ਵਿਪਨ ਸ਼ਰਮਾ
Publish Date: Sun, 08 Feb 2026 07:56 PM (IST)
Updated Date: Mon, 09 Feb 2026 04:09 AM (IST)

ਮੱਲ੍ਹੀਆਂ ਕਲਾਂ : ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਸਿੱਖਿਆ ਖੇਤਰ ’ਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੇ ਉਦੇਸ਼ ਨਾਲ ਏਆਈ (ਆਰਟੀਫਿਸ਼ਲ ਇੰਟੈਲੀਜੈਂਸ) ਤੇ ਰੋਬੋਟਿਕਸ ਲੈਬ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਸ ਲੈਬ ਸਬੰਧੀ ਖ਼ੁਸ਼ੀ ਜ਼ਾਹਰ ਕਰਦਿਆਂ ਚੇਅਰਮੈਨ ਵਿਪਨ ਸ਼ਰਮਾ ਨੇ ਕਿਹਾ ਕਿ ਨਕੋਦਰ ਸ਼ਹਿਰ ’ਚ ਇਹ ਪਹਿਲਾ ਸਕੂਲ ਹੈ, ਜਿੱਥੇ ਏਆਈ ਤੇ ਰੋਬੋਟਿਕਸ ਸਬੰਧੀ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਚੇਅਰਮੈਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਤੇ ਤਕਨੀਕਕ ਦਾ ਯੁੱਗ ਹੈ ਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਏਆਈ ਤੇ ਰੋਬੋਟਿਕਸ ਦੀ ਸਿੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਨਵੀਂ ਸੋਚ, ਖੋਜ ਤੇ ਆਵਿਸ਼ਕਾਰ ਲਈ ਪ੍ਰੇਰਿਤ ਕਰੇਗੀ ਤੇ ਉਨ੍ਹਾਂ ਦੇ ਕਰੀਅਰ ਲਈ ਨਵੇਂ ਦਰਵਾਜ਼ੇ ਖੋਲੇਗੀ। ਸਕੂਲ ਪ੍ਰਿੰਸੀਪਲ ਪੰਕਜ ਸ਼ਰਮਾ ਨੇ ਦੱਸਿਆ ਕਿ ਇਸ ਲੈਬ ’ਚ ਵਿਦਿਆਰਥੀਆਂ ਨੂੰ ਕੋਡਿੰਗ, ਮਸ਼ੀਨ ਲਰਨਿੰਗ ਤੇ ਰੋਬੋਟ ਤਿਆਰ ਕਰਨ ਦੀ ਪ੍ਰਯੋਗਾਤਮਕ ਸਿਖਲਾਈ ਦਿੱਤੀ ਜਾਵੇਗੀ। ਰੋਬੋਟਿਕਸ ਲੈਬ ਤਹਿਤ ਵਿਦਿਆਰਥੀਆਂ ਨੂੰ ਰੋਬੋਟ ਨੂੰ ਅਸੈਂਬਲ ਕਰਨ ਬਾਰੇ ਪੂਰਾ ਪ੍ਰਯੋਗਾਤਮਕ ਗਿਆਨ ਵੀ ਦਿੱਤਾ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਰੋਬੋਟ ਦੇ ਵੱਖ-ਵੱਖ ਹਿੱਸਿਆਂ ਜਿਵੇਂ ਚੈਸਿਸ, ਮੋਟਰ, ਸੈਂਸਰ, ਕੰਟਰੋਲਰ ਬੋਰਡ ਤੇ ਬੈਟਰੀ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਇਹ ਵੀ ਸਿਖਾਇਆ ਜਾਵੇਗਾ ਕਿ ਇਨ੍ਹਾਂ ਹਿੱਸਿਆਂ ਨੂੰ ਸਹੀ ਤਰੀਕੇ ਨਾਲ ਕਿਵੇਂ ਜੋੜਿਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਕੂਲ ਦਾ ਮਕਸਦ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਤੇ ਰਚਨਾਤਮਕ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਮਾਪੇ ਅਧਿਆਪਕ ਮਿਲਣੀ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੇ ਵੀ ਲੈਬ ਦੀ ਸ਼ੁਰੂਆਤ ’ਤੇ ਖੁਸ਼ੀ ਜ਼ਾਹਿਰ ਕੀਤੀ ਤੇ ਨਵੀਂ ਤਕਨੀਕ ਸਿੱਖਣ ਲਈ ਆਪਣਾ ਉਤਸ਼ਾਹ ਦਿਖਾਇਆ। ਅੰਤ ’ਚ ਚੇਅਰਮੈਨ ਨੇ ਲੈਬ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਵਿੱਖ ’ਚ ਵੀ ਵਿਦਿਆਰਥੀਆਂ ਦੀ ਭਲਾਈ ਤੇ ਉੱਚ ਸਿੱਖਿਆ ਲਈ ਇਸ ਤਰ੍ਹਾਂ ਦੇ ਨਵੇਂ ਉਪਰਾਲੇ ਜਾਰੀ ਰਹਿਣਗੇ।