ਪੇ-ਸਕੇਲ 1640–2925 ਲਾਗੂ ਕਰਵਾਉਣ ਲਈ ਵਿਚਾਰਾਂ
ਪੰਜਾਬ ਰੋਡਵੇਜ਼ ਦੇ ਨੌਕਰੀਸ਼ੁਦਾ ਤੇ ਸੇਵਾ ਮੁਕਤ ਇੰਸਪੈਕਟਰਾਂ ਵੱਲੋਂ ਪੇ ਸਕੇਲ 1640–2925 ਲਾਗੂ ਕਰਵਾਉਣ ਲਈ ਮੀਟਿੰਗ
Publish Date: Sun, 25 Jan 2026 07:02 PM (IST)
Updated Date: Mon, 26 Jan 2026 04:13 AM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼ ’ਚ ਕਾਰਜਰਤ ਤੇ ਸੇਵਾ ਮੁਕਤ ਇੰਸਪੈਕਟਰਾਂ ਵੱਲੋਂ ਵੱਡੀ ਗਿਣਤੀ ’ਚ ਜਥੇਬੰਦੀ ਦੇ ਦਫ਼ਤਰ, ਜਲੰਧਰ ਬੱਸ ਸਟੈਂਡ ’ਚ ਮੀਟਿੰਗ ਕਰਕੇ 1-1-1986 ਤੋਂ ਪੇ ਸਕੇਲ 1640–2925 ਲਾਗੂ ਕਰਵਾਉਣ ਲਈ ਸਾਂਝੀ ਜੱਦੋ-ਜਹਿਦ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਵੱਖ-ਵੱਖ ਵਿਚਾਰਧਾਰਾਂ ਨਾਲ ਸਬੰਧਤ ਮੁਲਾਜ਼ਮ ਜੱਥੇਬੰਦੀਆਂ ਨੇ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੋ ਕੇ ਇਹ ਸਕੇਲ ਹਾਸਲ ਕਰਨ ਲਈ ਕਮੇਟੀ ਬਣਾਉਣ ’ਤੇ ਸਹਿਮਤੀ ਪ੍ਰਗਟ ਕੀਤੀ। ਇਸ ਕਮੇਟੀ ’ਚ ਗੁਰਨਾਮ ਸਿੰਘ ਟੀਐੱਮ, ਸੁਰਿੰਦਰ ਸਿੰਘ, ਸਲਵਿੰਦਰ ਕੁਮਾਰ, ਸੁਰਜੀਤ ਸਿੰਘ, ਜਸਵੀਰ ਸਿੰਘ, ਮਨਵਿੰਦਰ ਸਿੰਘ, ਅਨੁਪਮ ਕੌਸ਼ਲ, ਮੰਗਤ ਖਾਨ, ਭਾਰਤ ਭੂਸ਼ਣ (ਸਾਰੇ ਇੰਸਪੈਕਟਰ), ਜਦਕਿ ਸਲਵਿੰਦਰ ਸਿੰਘ ਤੇ ਮਦਨ ਲਾਲ (ਐੱਸਐੱਸ) ਨੂੰ ਵੀ ਸ਼ਾਮਲ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਦਲਜੀਤ ਸਿੰਘ ਆਦਿ ਵੱਲੋਂ ਸਟੇਟ ਗਵਰਨਮੈਂਟ ਆਫ਼ ਪੰਜਾਬ ਖ਼ਿਲਾਫ਼ ਦਾਇਰ ਸੀਡਬਲਯੂਪੀ ਨੰਬਰ 9175-2000 ਦਾ ਫ਼ੈਸਲਾ 26 ਮਈ 2017 ਨੂੰ ਇੰਸਪੈਕਟਰਾਂ ਦੇ ਹੱਕ ’ਚ ਆਇਆ ਸੀ। ਇਸ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਦਾਇਰ ਐੱਲਪੀਏ ਨੰਬਰ 659–2018 ਨੂੰ ਅਦਾਲਤ ਨੇ 27 ਫਰਵਰੀ 2019 ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕੁਝ ਹੋਰ ਇੰਸਪੈਕਟਰਾਂ ਵੱਲੋਂ ਸੀਡਬਲਯੂਪੀ ਨੰਬਰ 17210, 17212, 17216, 17246 ਤੇ 17407 ਦਾਇਰ ਕੀਤੀਆਂ ਗਈਆਂ, ਜੋ ਆਗੂਆਂ ਅਨੁਸਾਰ ਗੈਰ-ਜ਼ਰੂਰੀ ਸਨ ਤੇ ਇਸ ਨਾਲ ਅਦਾਲਤੀ ਕੰਮ ’ਚ ਵਾਧਾ ਹੋਇਆ। ਪਟੀਸ਼ਨਰਾਂ ਵੱਲੋਂ ਇੰਸਪੈਕਟਰ ਸਿਵਲ ਸਪਲਾਈ ਤੇ ਐੱਫਸੀਆਈ ਦੇ ਬਰਾਬਰ ਪੇ ਸਕੇਲ ਤੇ ਨਿਯੁਕਤੀ ਜਾਂ ਤਰੱਕੀ ਦੀ ਮਿਤੀ ਤੋਂ ਇਹ ਸਕੇਲ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਆਗੂਆਂ ਨੇ ਦੱਸਿਆ ਕਿ 28 ਨਵੰਬਰ 2025 ਨੂੰ ਵਿੱਤ ਵਿਭਾਗ (ਐੱਫਡੀ) ਵੱਲੋਂ ਪ੍ਰਬੰਧਕੀ ਵਿਭਾਗ ਦੀਆਂ ਹਦਾਇਤਾਂ ਦੇ ਆਧਾਰ ’ਤੇ ਕਿਹਾ ਗਿਆ ਕਿ ਇਹ ਕਰਮਚਾਰੀ ਇਸ ਲਾਭ ਦੇ ਹੱਕਦਾਰ ਨਹੀਂ ਹਨ। ਇਸ ਫ਼ੈਸਲੇ ਤੋਂ ਬਾਅਦ ਇੰਸਪੈਕਟਰਾਂ ਨੇ ਮੁੜ ਤੋਂ ਇਕਜੁੱਟ ਹੋ ਕੇ ਐੱਫਸੀਆਈ ਤੇ ਸਿਵਲ ਸਪਲਾਈ ਦੇ ਇੰਸਪੈਕਟਰਾਂ ਦੇ ਬਰਾਬਰ ਪੇ ਸਕੇਲ 1640–2925 ਹਾਸਲ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।