ਨਵੇਂ ਘੱਟ ਦਰਾਂ ਵਾਲੇ ਬਿਜਲੀ ਟੈਰਿਫ ਦਾ ਉਦਯੋਗਾਂ ਵੱਲੋਂ ਸਵਾਗਤ
ਨਵੇਂ ਘੱਟ ਦਰਾਂ ਵਾਲੇ ਬਿਜਲੀ ਟੈਰਿਫ ਦਾ ਉਦਯੋਗਾਂ ਵੱਲੋਂ ਸਵਾਗਤ
Publish Date: Tue, 31 Mar 2026 07:38 PM (IST)
Updated Date: Wed, 01 Apr 2026 04:14 AM (IST)

-ਟੀਓਡੀ ਨਾਈਟ ਟੈਰਿਫ ਤੇ ਫਿਕਸਡ ਚਾਰਜ ’ਚ ਰਾਹਤ ਨਾਲ ਹੋਵੇਗਾ ਲਾਭ : ਸੁਨੀਲ ਸ਼ਰਮਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰਾਜ ਬਿਜਲੀ ਨਿਯਾਮਕ ਆਯੋਗ ਵੱਲੋਂ ਸਾਲ 2026-27 ਲਈ ਜਾਰੀ ਕੀਤੇ ਨਵੇਂ ਬਿਜਲੀ ਟੈਰਿਫ ਆਦੇਸ਼ ਦਾ ਉਦਯੋਗਿਕ ਵਰਗ ਵੱਲੋਂ ਸਵਾਗਤ ਕੀਤਾ ਗਿਆ ਹੈ।ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਦੇ ਪ੍ਰਧਾਨ ਸੁਨੀਲ ਸ਼ਰਮਾਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦਾ ਧੰਨਵਾਦ ਪ੍ਰਗਟਾਇਆ ਹੈ। ਸੁਨੀਲ ਸ਼ਰਮਾ ਨੇ ਕਿਹਾ ਕਿ ਸੰਸਥਾ ਵੱਲੋਂ ਪਹਿਲਾਂ ਵੀ ਬਿਜਲੀ ਟੈਰਿਫ, ਪੀਕ ਲੋਡ ਸਮਾਂ ਤੇ ਉਦਯੋਗਾਂ ਨਾਲ ਜੁੜੇ ਹੋਰ ਮੁੱਦੇ ਸਰਕਾਰ ਅੱਗੇ ਉਠਾਏ ਗਏ ਸਨ ਤੇ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਇਨ੍ਹਾਂ ਸੁਝਾਵਾਂ ਨੂੰ ਸਕਾਰਾਤਮਕ ਢੰਗ ਨਾਲ ਮਨਜ਼ੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਪੀਕ ਲੋਡ ਸਮਾਂ ਸ਼ਾਮ 6 ਵਜੇ ਦੀ ਬਜਾਏ 7 ਵਜੇ ਤੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਸ਼ਾਮ 6 ਵਜੇ ਤੱਕ ਕਾਫੀ ਰੋਸ਼ਨੀ ਹੁੰਦੀ ਹੈ ਤੇ ਉਦਯੋਗਾਂ ’ਚ ਉਤਪਾਦਨ ਜਾਰੀ ਰਹਿੰਦਾ ਹੈ। ਇਸ ਤਬਦੀਲੀ ਨਾਲ ਉਦਯੋਗਾਂ ਨੂੰ ਵੱਧ ਸਮਾਂ ਮਿਲੇਗਾ ਤੇ ਉਤਪਾਦਨ ’ਚ ਵਾਧਾ ਹੋ ਸਕੇਗਾ। ਨਵੇਂ ਟੈਰਿਫ ਅਨੁਸਾਰ ਟਾਈਮ ਆਫ ਡੇ ਰਣਾਲੀ ਲਾਗੂ ਕੀਤੀ ਗਈ ਹੈ, ਜਿਸ ’ਚ ਵੱਖ-ਵੱਖ ਸਮਿਆਂ ਅਨੁਸਾਰ ਬਿਜਲੀ ਦੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਨਾਲ ਉਦਯੋਗ ਆਪਣੇ ਕੰਮਕਾਜ ਦੀ ਯੋਜਨਾ ਹੋਰ ਬਿਹਤਰ ਢੰਗ ਨਾਲ ਬਣਾ ਸਕਣਗੇ। ਇਸ ਤੋਂ ਇਲਾਵਾ, ਨਾਈਟ ਟੈਰਿਫ ਸਕੀਮ ਨੂੰ ਵੀ ਜਾਰੀ ਰੱਖਿਆ ਗਿਆ ਹੈ, ਜਿਸ ਤਹਿਤ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਵਰਤਣ ’ਤੇ ਰਿਆਇਤੀ ਦਰਾਂ ਮਿਲਣਗੀਆਂ। ਇਸ ਸਕੀਮ ਨੂੰ ਅਪਣਾਉਣ ਵਾਲੇ ਉਦਯੋਗਾਂ ਨੂੰ ਫਿਕਸਡ ਚਾਰਜ ’ਚ ਵੀ ਰਾਹਤ ਦਿੱਤੀ ਗਈ ਹੈ। ਸੁਨੀਲ ਸ਼ਰਮਾ ਨੇ ਕਿਹਾ ਕਿ ਇਹ ਬਦਲਾਅ ਉਦਯੋਗਾਂ ਲਈ ਬਹੁਤ ਹੀ ਸਕਾਰਾਤਮਕ ਹਨ। ਇਸ ਨਾਲ ਬਿਜਲੀ ਦੀ ਲਾਗਤ ਘਟੇਗੀ, ਉਤਪਾਦਨ ਵਧੇਗਾ ਤੇ ਉਦਯੋਗ ਮੁਕਾਬਲੇ ’ਚ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਪੰਜਾਬ ਸਰਕਾਰ, ਖਾਸ ਕਰਕੇ ਉਦਯੋਗ ਤੇ ਵਪਾਰ ਮੰਤਰੀ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਜ਼ੀ ਆਫ ਡੁਇੰਗ ਬਿਜ਼ਨਸ ਨੂੰ ਬਢਾਵਾ ਦੇਣ ਵਾਲੇ ਇਹ ਕਦਮ ਰਾਜ ’ਚ ਨਿਵੇਸ਼ ਨੂੰ ਆਕਰਸ਼ਿਤ ਕਰਨਗੇ। ਇਸ ਨਾਲ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਹੋਣਗੀਆਂ ਤੇ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜੋ ਸਮਾਜਿਕ ਮੁਹਿੰਮਾਂ ਨੂੰ ਵੀ ਮਜ਼ਬੂਤੀ ਦੇਣਗੇ।