ਕੂੜਾ ਛਾਂਟ ਕੇ ਖਾਦ ਬਣਾਉਣ ਦਾ ਪ੍ਰੋਜੈਕਟ ਸ਼ੁਰੂ
ਸਮਰਾਏ ਪਿੰਡ ’ਚ ਕੂੜਾ ਪ੍ਰਬੰਧਨ ਲਈ ਨਵਾਂ ਉਪਰਾਲਾ, ਪੰਚਾਇਤ ਤੇ ਐੱਨਆਰਆਈ ਭਾਈਚਾਰੇ ਦੀ ਸਾਂਝੀ ਕੋਸ਼ਿਸ਼
Publish Date: Sun, 12 Apr 2026 08:31 PM (IST)
Updated Date: Mon, 13 Apr 2026 07:43 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਪਿੰਡ ਸਮਰਾਏ ’ਚ ਸਾਫ਼-ਸੁਥਰਾ ਵਾਤਾਵਰਣ ਬਣਾਉਣ ਲਈ ਕੂੜਾ ਪ੍ਰਬੰਧਨ ਸਬੰਧੀ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਪਿਛਲੇ ਲਗਪਗ 8-9 ਸਾਲਾਂ ਤੋਂ ਪਿੰਡ ਦੇ ਐੱਨਆਰਆਈ ਭਾਈਚਾਰੇ ਵੱਲੋਂ ਕੂੜਾ ਇਕੱਠਾ ਕਰਨ ਲਈ ਟਰਾਲੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ, ਜਿਸ ਰਾਹੀਂ ਹਫ਼ਤੇ ’ਚ 2-3 ਵਾਰ ਘਰਾਂ ਤੋਂ ਕੂੜਾ ਇਕੱਠਾ ਕਰ ਕੇ ਨਿਰਧਾਰਿਤ ਸਥਾਨ ’ਤੇ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ। ਹੁਣ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਵੱਲੋਂ ਕੂੜੇ ਦੇ ਢੇਰ ਵਾਲੀ ਥਾਂ ਦੀ ਚਾਰਦੀਵਾਰੀ ਕਰਕੇ ਤੇ ਉੱਥੇ ਕੂੜੇ ਦੀ ਛਾਂਟ ਕਰ ਕੇ ਖਾਦ ਬਣਾਉਣ ਲਈ ਇਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਤੇ ਮੋਹਤਵਾਰਾਂ ਦੀ ਮੀਟਿੰਗ ਪੰਚਾਇਤ ਘਰ ’ਚ ਹੋਈ, ਜਿਸ ’ਚ ਇਹ ਫੈਸਲਾ ਲਿਆ ਗਿਆ ਕਿ ਪੂਰੇ ਪਿੰਡ ਤੋਂ ਕੂੜਾ ਇਕੱਠਾ ਕਰ ਕੇ ਪੰਚਾਇਤ ਵੱਲੋਂ ਤੈਅ ਸ਼ਾਮਲਾਤ ਜਗ੍ਹਾ ’ਤੇ ਹੀ ਸੁੱਟਿਆ ਜਾਵੇਗਾ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਐੱਨਆਰਆਈ ਭਾਈਚਾਰੇ ਦੇ ਇਸ ਯੋਗਦਾਨ ਲਈ ਧੰਨਵਾਦੀ ਹਨ। ਮੀਟਿੰਗ ਦੌਰਾਨ ਪੰਚਾਇਤ ਮੈਂਬਰਾਂ ਸਮੇਤ ਹੋਰ ਮੋਹਤਬਰ ਹਾਜ਼ਰ ਸਨ।