ਪੰਜਾਬ 'ਚ ਫ਼ਸਲੀ ਵਿਭਿੰਨਤਾ ਲਈ ਨਵੀਂ ਪਹਿਲ : ਰਾਣਾ ਗੁਰਜੀਤ ਨੇ ਕਿਸਾਨਾਂ ਨੂੰ 'ਕਸਾਵਾ' ਦੀ ਖੇਤੀ ਅਪਣਾਉਣ ਲਈ ਪ੍ਰੇਰਿਆ
ਕਸਾਵਾ ਦੀ ਖੇਤੀ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਇਕ ਗਲੂਟਨ-ਮੁਕਤ ਅਤੇ ਕੀਟ-ਰਹਿਤ ਫ਼ਸਲ ਹੈ, ਜਿਸ ਨੂੰ ਬਹੁਤ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਨੂੰ 2 ਇੰਚ ਡੂੰਘਾਈ ਅਤੇ 36 ਇੰਚ ਦੇ ਫਾਸਲੇ ’ਤੇ ਬੀਜਿਆ ਜਾਂਦਾ ਹੈ।
Publish Date: Tue, 24 Feb 2026 11:17 AM (IST)
Updated Date: Tue, 24 Feb 2026 11:24 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਮਲਸੀਆਂ ਵਿਖੇ ਵਿਸ਼ੇਸ਼ ਕਿਸਾਨ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਸਨ। ਇਸ ਮੌਕੇ ਰਾਣਾ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਪਾਣੀ ਦੀ ਵੱਧ ਖਪਤ ਵਾਲੀਆਂ ਰਵਾਇਤੀ ਫ਼ਸਲਾਂ ਛੱਡ ਕੇ ਕਸਾਵਾ ਦੀ ਖੇਤੀ ਨੂੰ ਲਾਹੇਵੰਦ ਬਦਲ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੇ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹਰ ਸਾਲ ਲਗਪਗ ਇੱਕ ਮੀਟਰ ਹੇਠਾਂ ਜਾ ਰਿਹਾ ਹੈ ਅਤੇ ਅਸੀਂ ਹਰ ਸਾਲ 16 ਬਿਲੀਅਨ ਕਿਊਬਿਕ ਫੁੱਟ ਵੱਧ ਪਾਣੀ ਧਰਤੀ ’ਚੋਂ ਕੱਢ ਰਹੇ ਹਾਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਸੀਂ ਨਾ ਸੰਭਲੇ ਤਾਂ ਪੰਜਾਬ ਦਾ ਇਹ ਕੀਮਤੀ ਕੁਦਰਤੀ ਖਜ਼ਾਨਾ ਜਲਦ ਹੀ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਸਿਰਫ਼ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਨਾ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕਿਸਾਨੀ ਭਲਾਈ ਲਈ ਕੰਮ ਕਰਨਾ ਹੈ।
ਕਸਾਵਾ ਦੀ ਖੇਤੀ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਇਕ ਗਲੂਟਨ-ਮੁਕਤ ਅਤੇ ਕੀਟ-ਰਹਿਤ ਫ਼ਸਲ ਹੈ, ਜਿਸ ਨੂੰ ਬਹੁਤ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਨੂੰ 2 ਇੰਚ ਡੂੰਘਾਈ ਅਤੇ 36 ਇੰਚ ਦੇ ਫਾਸਲੇ ’ਤੇ ਬੀਜਿਆ ਜਾਂਦਾ ਹੈ। ਪ੍ਰਤੀ ਏਕੜ ਲਗਪਗ 5,000 ਪੌਦੇ ਲੱਗਦੇ ਹਨ ਅਤੇ ਹਰ ਪੌਦਾ 5 ਕਿੱਲੋ ਤੱਕ ਝਾੜ ਦਿੰਦਾ ਹੈ, ਜਿਸ ਨਾਲ ਪ੍ਰਤੀ ਏਕੜ ਕਰੀਬ 250 ਕੁਇੰਟਲ ਪੈਦਾਵਾਰ ਮਿਲਦੀ ਹੈ। ਇਹ ਫ਼ਸਲ 7 ਤੋਂ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਪਹਿਲੇ ਤਿੰਨ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਨਦੀਨਨਾਸ਼ਕ ਛਿੜਕਾਅ ਦੀ ਲੋੜ ਪੈਂਦੀ ਹੈ। ਦੋਆਬੇ ਦੀ ਦੋਮਟ ਤੇ ਰੇਤਲੀ ਮਿੱਟੀ ਇਸ ਲਈ ਬਹੁਤ ਢੁੱਕਵੀਂ ਹੈ। ਉਨ੍ਹਾਂ ਉਮੀਦ ਜਤਾਈ ਕਿ ਜਿਵੇਂ ਦੋਆਬੇ ਦੇ ਕਿਸਾਨਾਂ ਨੇ ਮੱਕੀ ਤੇ ਚੁਕੰਦਰ ਨੂੰ ਕਾਮਯਾਬ ਕੀਤਾ ਹੈ, ਉਵੇਂ ਹੀ ਕਸਾਵਾ ਨੂੰ ਵੀ ਸਫ਼ਲ ਬਣਾਉਣਗੇ।
ਆਰਥਿਕ ਪੱਖੋਂ ਕਸਾਵਾ ਨੂੰ ਬੇਹੱਦ ਲਾਹੇਵੰਦ ਦੱਸਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਇਹ 15 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਿਸ ਨਾਲ ਪ੍ਰਤੀ ਏਕੜ 2.5 ਲੱਖ ਰੁਪਏ ਦੀ ਆਮਦਨ ਆਸਾਨੀ ਨਾਲ ਸੰਭਵ ਹੈ। ਆਲੂਆਂ ਵਾਂਗ ਇਸ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਨਹੀਂ ਆਉਂਦਾ, ਸਗੋਂ ਸਹੀ ਮਾਰਕੀਟਿੰਗ ਨਾਲ ਭਾਅ 20 ਰੁਪਏ ਤੱਕ ਵੀ ਜਾ ਸਕਦਾ ਹੈ। ਉਨ੍ਹਾਂ ਨੇ ਪਿੰਡ ਦੇ ਘੱਟੋ-ਘੱਟ 20 ਕਿਸਾਨਾਂ ਨੂੰ ਪਾਇਲਟ ਪ੍ਰੋਜੈਕਟ ਵਜੋਂ ਇੱਕ-ਇੱਕ ਏਕੜ ਵਿੱਚ ਕਸਾਵਾ ਬੀਜਣ ਦੀ ਅਪੀਲ ਕੀਤੀ।