ਛੇਤੀ ਸ਼ੁਰੂ ਕੀਤੇ ਜਾਣਗੇ ਵਿਕਾਸ ਕੰਮ : ਅੱਪਰਾ
ਅੱਪਰਾ ’ਚ ਜਲਦ ਸ਼ੁਰੂ ਹੋਣਗੇ ਨਵੇਂ ਵਿਕਾਸ ਕਾਰਜ - ਸਰਪੰਚ ਵਿਨੈ ਅੱਪਰਾ
Publish Date: Wed, 25 Feb 2026 06:31 PM (IST)
Updated Date: Wed, 25 Feb 2026 06:34 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਜ ਅੱਪਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਵਿਨੈ ਅੱਪਰਾ ਨੇ ਕਿਹਾ ਕਿ ਸਰਕਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ’ਚ ਕਈ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਬਾਕੀ ਰਹਿੰਦੇ ਪੰਚਾਇਤੀ ਜ਼ਮੀਨ ’ਤੇ ਨਜ਼ਾਇਜ਼ ਕਬਜ਼ੇ ਹਟਵਾ ਕੇ ਜ਼ਮੀਨ ਗ੍ਰਾਮ ਪੰਚਾਇਤ ਦੇ ਹਵਾਲੇ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਿੰਡ ਦੇ ਸਭ ਤੋਂ ਵੱਡੇ ਛੱਪੜ ਦਾ ਥਾਪਰ ਮਾਡਲ ਤਹਿਤ ਨਵੀਨੀਕਰਨ ਕੀਤਾ ਜਾਵੇਗਾ, ਜਿਸ ਨਾਲ ਸਫਾਈ ਤੇ ਵਾਤਾਵਰਨ ’ਚ ਸੁਧਾਰ ਆਵੇਗਾ। ਸਰਪੰਚ ਨੇ ਕਿਹਾ ਕਿ ਪੂਰੇ ਪਿੰਡ ’ਚ ਸੀਵਰੇਜ ਸਿਸਟਮ ਪਾਇਆ ਜਾਵੇਗਾ ਤਾਂ ਜੋ ਗੰਦਗੀ ਤੇ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ’ਚ ਕੋਈ ਪੱਕਾ ਆਂਗਣਵਾੜੀ ਸੈਂਟਰ ਨਹੀਂ ਸੀ ਤੇ ਸੈਂਟਰ ਪੰਚਾਇਤ ਘਰ ਜਾਂ ਧਰਮਸ਼ਾਲਾਵਾਂ ’ਚ ਚੱਲਦੇ ਸਨ। ਜਲਦ ਹੀ ਨਵਾਂ ਆਂਗਣਵਾੜੀ ਸੈਂਟਰ ਤਿਆਰ ਕਰਵਾ ਕੇ ਬੱਚਿਆਂ ਲਈ ਸਮਰਪਿਤ ਕੀਤਾ ਜਾਵੇਗਾ। ਨੌਜਵਾਨਾਂ ਤੇ ਆਮ ਲੋਕਾਂ ਲਈ ਦਿਨ-ਰਾਤ ਕਸਰਤ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਆਧੁਨਿਕ ਬੈਡਮਿੰਟਨ ਕੋਰਟ ਵੀ ਬਣਾਇਆ ਜਾਵੇਗਾ, ਜਿਸ ’ਚ ਰਾਤ ਸਮੇਂ ਖੇਡਣ ਲਈ ਫਲੱਡ ਲਾਈਟਾਂ ਦੀ ਵਿਵਸਥਾ ਕੀਤੀ ਜਾਵੇਗੀ। ਸਰਪੰਚ ਵਿਨੈ ਅੱਪਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਛੁਡਵਾਉਣ, ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਸਹੂਲਤ ਸ਼ੁਰੂ ਕਰਨ ਤੇ ਹੋਰ ਕਈ ਵਿਕਾਸ ਕਾਰਜ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਐੱਨਆਰਆਈ ਭਾਈਚਾਰੇ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਦੇ ਚਹੁੰਮੁੱਖੀ ਵਿਕਾਸ ਲਈ ਗ੍ਰਾਮ ਪੰਚਾਇਤ ਦਾ ਪੂਰਾ ਸਾਥ ਦੇਣ।