ਪਿੰਡ ਵਾਸੀ ਆਪਣੇ ਖ਼ਰਚੇ ’ਤੇ ਪੜ੍ਹਾ ਰਹੇ ਨੇ 138 ਬੱਚੇ
ਨਾ ਪ੍ਰਿੰਸੀਪਲ ਨਾ ਲੈਕਚਰਾਰ ਬੱਚਿਆਂ ਦੀ ਪੜ੍ਹਾਈ ਰੱਬ ਆਸਰੇ
Publish Date: Tue, 24 Feb 2026 09:02 PM (IST)
Updated Date: Tue, 24 Feb 2026 09:04 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਮਾਣਕ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਮੀਟਿੰਗ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਸਸਸ ਸਕੂਲ ’ਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਨਾ ਤਾਂ ਪ੍ਰਿੰਸੀਪਲ ਹੈ ਤੇ ਕੋਈ ਲੈਕਚਰਾਰ ਵੀ ਨਹੀਂ ਹੈ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਰੱਬ ਆਸਰੇ ਹੀ ਹੈ। ਬਿੱਕਰ ਸਿੰਘ ਸਰਪੰਚ ਵੱਲੋਂ ਦੱਸਿਆ ਗਿਆ ਕਿ ਸਾਲ 2024 ’ਚ ਸਕੂਲ ਨੂੰ ਅੱਪ ਗਰੇਡ ਕੀਤਾ ਗਿਆ ਸੀ, ਜਿਸ ’ਚ 1 ਤੇ 2 ਦੀਆਂ ਜਮਾਤਾਂ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਪੜ੍ਹਾਉਣ ਲਈ ਕੋਈ ਲੈਕਚਰਾਰ ਵੀ ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਪ੍ਰਾਈਵੇਟ ਤੌਰ ’ਤੇ ਅਧਿਆਪਕ ਰੱਖ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਦਾ ਸਾਰਾ ਖਰਚਾ ਪਿੰਡ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਪਿੰਡ ਵਾਸੀਆਂ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲਕੇ ਬੇਨਤੀਆਂ ਕੀਤੀਆਂ ਗਈਆਂ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ। ਵਿਸ਼ੇਸ਼ ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ’ਚ 1 ਤੇ 2 ’ਚ 138 ਬੱਚੇ ਪੜ੍ਹਦੇ ਹਨ ਤੇ ਆਉਂਦੇ ਸੈਸ਼ਨ ’ਚ ਗਿਣਤੀ ਹੋਰ ਵਧੇਰੇ ਹੋਣ ਦੀ ਆਸ ਹੈ। ਮੌਕੇ ’ਤੇ ਹਾਜ਼ਰ ਲੋਕਾਂ ਦੀ ਸਰਬਸੰਮਤੀ ਨਾਲ ਇਕੋ ਇਕ ਮੰਗ ਸੀ ਕਿ ਪਿੰਡ ਦੇ ਸਕੂਲ ਨੂੰ ਪ੍ਰਿੰਸੀਪਲ, ਲੈਕਚਰਾਰ ਤੇ ਹੋਰ ਅਧਿਆਪਕ ਜਲਦੀ ਤੋਂ ਜਲਦੀ ਦਿੱਤੇ ਜਾਣ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਕਰਵਾਈ ਜਾ ਸਕੇ। ਇਸ ਮੌਕੇ ਬਿੱਕਰ ਸਿੰਘ ਸਰਪੰਚ, ਪਰਮਜੀਤ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਬਲਦੇਵ ਸਿੰਘ, ਬਲਵੰਤ ਸਿੰਘ, ਲਖਵੀਰ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਸਰਬਣ ਸਿੰਘ ਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।