ਨੀਟ-ਯੂਜੀ ’ਚ ਏਆਈ ਕੈਮਰੇ ਨਾਲ ਹੋਵੇਗੀ ਨਿਗਰਾਨੀ
ਕਮੇਟੀ ਦੀ ਸਿਫਾਰਿਸ਼ ’ਤੇ
Publish Date: Thu, 16 Apr 2026 08:44 PM (IST)
Updated Date: Thu, 16 Apr 2026 08:48 PM (IST)

ਕਮੇਟੀ ਦੀ ਸਿਫਾਰਿਸ਼ ’ਤੇ ਐੱਨਟੀਏ ਨੇ ਨਕਲ ਰੋਕਨ ਲਈ ਕੀਤੇ ਸਖ਼ਤ ਇੰਤਜ਼ਾਮ ਪ੍ਰਸ਼ਨ ਪੱਤਰਾਂ ਦੀ ਹੋਵੇਗੀ ਜੀਪੀਐੱਸ ਟ੍ਰੈਕਿੰਗ, ਪ੍ਰੀਖਿਆ ਕੇਂਦਰ ਹੋਣਗੇ 5ਜੀ ਜੈਮਰ ਨਾਲ ਲੈਸ ਜਾਗਰਣ ਬਿਊਰੋ, ਨਵੀਂ ਦਿੱਲੀ : ਮੈਡੀਕਲ ’ਚ ਦਾਖ਼ਲੇ ਲਈ ਹੋਣ ਵਾਲੀ ਨੀਟ-ਯੂਜੀ (ਨੈਸ਼ਨਲ ਐਲਿਜੀਬਿਲਟੀ ਕਮ ਐਂਟ੍ਰੈਂਸ ਟੈਸਟ-ਅੰਡਰ ਗ੍ਰੈਜੂਏਟ) ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਰੋਕਨ ਤੇ ਨਕਲ ਮੁਕਤ ਬਣਾਉਣ ਲਈ ਇਸ ਵਾਰ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਨਕਲ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਹਰੇਕ ਪ੍ਰੀਖਿਆ ਕੇਂਦਰ ਨੂੰ ਏਆਈ ਵਾਲੇ ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ, ਉਧਰ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਦੀ ਪਛਾਣ ਲਈ ਕਈ ਪੱਧਰਾਂ ’ਤੇ ਜਾਂਚ-ਪੜਤਾਲ ਕੀਤੀ ਜਾਵੇਗੀ। ਇਨ੍ਹਾਂ ’ਚ ਆਧਾਰ ਰਾਹੀਂ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਦੇ ਨਾਲ ਹੀ ਫਿਜ਼ੀਕਲ ਤੇ ਦਸਤਾਵੇਜ਼ਾਂ ’ਚ ਦਿੱਤੀ ਗਈ ਜਾਣਕਾਰੀ ਆਦਿ ਦੇ ਜ਼ਰੀਏ ਵੱਖ-ਵੱਖ ਪੱਧਰਾਂ ’ਤੇ ਪਛਾਣ ਦੀ ਜਾਂਚ ਕੀਤੀ ਜਾਵੇਗੀ। ਨੀਟ-ਯੂਜੀ 2024 ’ਚ ਗੜਬੜੀ ਤੇ ਪੇਪਰ ਲੀਕ ਹੋਣ ਵਰਗੇ ਦੋਸ਼ਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਪ੍ਰੀਖਿਆ ਨੂੰ ਫੁੱਲਪਰੂਫ ਬਨਾਉਣ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਐੱਨਟੀਏ ਨੇ ਇਹ ਸਖ਼ਤ ਕਦਮ ਚੁੱਕੇ ਹਨ। ਐੱਨਟੀਏ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਅਨੁਸਾਰ ਪ੍ਰੀਖਿਆ ਨਾਲ ਜੁੜੇ ਹਰੇਕ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ। ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਦਿਵਿਆਂਗਜਨਾਂ ਤੋਂ ਵੀ ਆਪਣੇ ਲਈ ਮੰਗੇ ਰਾਈਟਰ ਦਾ ਪੂਰਾ ਬਿਓਰਾ 21 ਅਪ੍ਰੈਲ ਤੱਕ ਮੁਹੱਈਆ ਕਰਾਉਣ ਨੂੰ ਕਿਹਾ ਗਿਆ ਹੈ ਤਾਂ ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਸਕੇ। ਉੱਧਰ ਡੀਐੱਮ ਤੇ ਐੱਸਪੀ ਨੂੰ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਪ੍ਰੀਖਿਆ ਕੇਂਦਰਾਂ ਤੱਕ ਸੁਰੱਖਿਅਤ ਪ੍ਰਸ਼ਨ ਪੱਤਰਾਂ ਨੂੰ ਪਹੁੰਚਾਉਣ ਲਈ ਇਸ ਨਾਲ ਜੁੜੀ ਪੂਰੀ ਵਿਵਸਥਾ ਨੂੰ ਜੀਪੀਐੱਸ ਟ੍ਰੈਕਿੰਗ ਸਿਸਟਮ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਹੈੱਡਕੁਆਰਟਰ ’ਤੇ ਬੈਠ ਕੇ ਉਸ ਦੀ ਮੂਵਮੈਂਟ ’ਤੇ ਨਜ਼ਰ ਰੱਖੀ ਜਾਵੇਗੀ। ਉੱਧਰ ਹਰੇਕ ਪ੍ਰੀਖਿਆ ਕੇਂਦਰ ਨੂੰ 5ਜੀ ਜੈਮਰ ਨਾਲ ਲੈਸ ਕਰਨ ਦੀ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਨੀਟ-ਯੂਜੀ ਤਿੰਨ ਮਈ ਨੂੰ ਪੂਰੇ ਦੇਸ਼ ’ਚ ਪ੍ਰਸਤਾਵਿਤ ਹੈ, ਜਿਸ ਲਈ ਇਸ ਵਾਰ ਲਗਪਗ 25 ਲੱਖ ਬਿਨੈਕਾਰਾਂ ਨੇ ਅਪਲਾਈ ਕੀਤਾ ਹੈ।