ਭਾਰਤੀ ਮੂਲ ਵਕੀਲ ਨੇ ਪਲਟਿਆ ਟਰੰਪ ਸਰਕਾਰ ਦਾ ਫ਼ੈਸਲਾ : ਸੋਮੀ
ਅਮਰੀਕਾ ਦੀ ਸੁਪਰੀਮ ਕੋਰਟ 'ਚ ਰੈਰਿਫ ਵਿਰੁੱਧ ਜੰਗ ਜਿੱਤਣ
Publish Date: Tue, 24 Feb 2026 06:21 PM (IST)
Updated Date: Tue, 24 Feb 2026 06:25 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਜ ਅੱਪਰਾ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ, ਕੋ-ਚੇਅਰਮੈਨ ਐੱਸਸੀ ਡਿਪਾਰਟਮੈਂਟ ਜ਼ਿਲ੍ਹਾ ਜਲੰਧਰ (ਦਿਹਾਤੀ) ਕਾਂਗਰਸ ਪਾਰਟੀ ਨੇ ਕਿਹਾ ਕਿ ਟਰੰਪ ਸਰਕਾਰ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ’ਤੇ ਲਗਾਏ ਗਏ 18 ਫੀਸਦੀ ਟੈਰਿਫ ਦੇ ਵਿਰੁੱਧ ਅਮਰੀਕਾ ਦੀ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਵਾਲਿਆਂ ’ਚ ਪ੍ਰਸਿੱਧ ਭਾਰਤੀ ਮੂਲ ਦੇ ਵਕੀਲ ਨੀਲ ਕੁਮਾਰ ਕਤਿਆਲ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਦੱਸਿਆ ਕਿ ਛੇ ਜੱਜਾਂ ਦੇ ਬੈਂਚ ਨੇ ਸਰਕਾਰ ਦੇ ਫੈਸਲੇ ਖ਼ਿਲਾਫ਼ ਸਲਾਹ ਦਿੱਤੀ ਤੇ ਟੈਰਿਫ ਨੂੰ ਰੱਦ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਹੀ ’ਚ ਭਾਰਤ ਸਰਕਾਰ ਵੱਲੋਂ ਟਰੇਡ ਡੀਲ ਸਾਈਨ ਕੀਤੀ ਗਈ ਹੈ ਤੇ ਜੇ ਕੁਝ ਸਮਾਂ ਹੋਰ ਇੰਤਜ਼ਾਰ ਕੀਤਾ ਜਾਂਦਾ ਤਾਂ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਸਹਿਜ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। ਸੋਮੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਟਰੰਪ ਪ੍ਰਸ਼ਾਸਨ ਦਾ ਦਬਾਅ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚਾਹਿਆ ਗਿਆ, ਭਾਰਤ ਸਰਕਾਰ ਤੋਂ ਫੈਸਲੇ ਮਨਵਾਏ ਗਏ। ਨੀਲ ਕਤਿਆਲ ਦੀ ਮਾਤਾ ਦਿੱਲੀ ’ਚ ਡਾਕਟਰ ਤੇ ਪਿਤਾ ਇੰਜੀਨੀਅਰ ਹਨ। ਸੋਮ ਦੱਤ ਸੋਮੀ ਨੇ ਚਿੰਤਾ ਪ੍ਰਗਟਾਈ ਕਿ ਭਵਿੱਖ ’ਚ ਅਮਰੀਕੀ ਉਤਪਾਦਾਂ ਨੂੰ ਤਰਜੀਹ ਦੇਣ ਲਈ ਮੀਡੀਆ ਰਾਹੀਂ ਭਾਰਤੀ ਉਤਪਾਦਾਂ ਨੂੰ ਘੱਟ ਦਰਜੇ ਦਾ ਦਿਖਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਭਾਰਤ ਦੀ ਆਰਥਿਕਤਾ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।