- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨ-ਸ਼ਾਂਤੀ ਲਈ ਗੁਰੂ ਨਾਨਕ ਸਾਹਿਬ ਦੇ ਫਲਸਫੇ ’ਤੇ ਚੱਲਣ ਦੀ ਲੋੜ: ਸੰਤ ਸੀਚੇਵਾਲ

-ਇਰਾਨ ਦੇ ਸੁਪਰੀਮ ਲੀਡਰ ਖਾਮਨੇਈ ਦੀ ਮੌਤ ’ਤੇ ਪ੍ਰਗਟਾਇਆ ਦੁੱਖ
-ਖਾੜੀ ਦੇਸ਼ਾਂ ’ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਨੂੰ ਅਪੀਲ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਿਸ਼ਵ ’ਚ ਅਮਨ-ਸ਼ਾਂਤੀ ਸਿਰਫ ਗੁਰੂ ਨਾਨਕ ਦੇਵ ਜੀ ਦੇ ਫਸਲਫੇ ਤੇ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਅਮਲ ਕਰਨ ਨਾਲ ਹੀ ਸੰਭਵ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਫਿਲਪੀਨ ਦੇ ਦੌਰੇ ’ਤੇ ਗਏ ਰਾਜ ਸਭਾ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉੱਥੇ ਹੋਏ ਦੋ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅਮਰੀਕਾ-ਇਜ਼ਰਾਇਲ ਤੇ ਇਰਾਨ ਵਿਚਾਲੇ ਵਧ ਰਹੇ ਟਕਰਾਅ ’ਤੇ ਜਿੱਥੇ ਡੂੰਘੀ ਚਿੰਤਾ ਪ੍ਰਗਟਾਈ ਉੱਥੇ ਉਨ੍ਹਾਂ ਉਨ੍ਹਾਂ ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਗਏ ਸਾਂਝੇ ਹਮਲਿਆਂ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਅਇਤੁੱਲਾ ਅਲੀ ਖਾਮਨੇਈ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੰਗਾਂ ਦੇ ਵੀ ਕੁਝ ਨਿਯਮ ਅਤੇ ਮਰਿਆਦਾਵਾਂ ਹੁੰਦੀਆਂ ਹਨ ਪਰ ਨਿਰਦੋਸ਼ਾਂ, ਸਕੂਲੀ ਵਿਦਿਆਰਥਣਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਤ ਮਨੁੱਖਤਾ ਲਈ ਬਹੁਤ ਹੀ ਪੀੜਾਦਾਇਕ ਤੇ ਚਿੰਤਾਜਨਕ ਹੈ। ਏਂਕ ਓਂਕਾਰ ਇੰਡੀਅਨ ਨਿਰਮਲ ਸਿੱਖ ਟੈਂਪਲ ਪਨਕੀ ਤੇ ਦਸ਼ਮੇਸ਼ ਗੁਰਸਿੱਖ ਟੈਂਪਲ ਮਾਰੀਓ ਬੁਲਾਕਾਨ ’ਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਕੌਮ ਦੁਨੀਆ ਦੀ ਇਕੱਲੀ ਅਜਿਹੀ ਕੌਮ ਹੈ ਜੋ ਹਰ ਰੋਜ਼ ਸਵੇਰ-ਸ਼ਾਮ ਦੀ ਅਰਦਾਸ ’ਚ ਪੂਰੀ ਮਨੁੱਖਤਾ ਲਈ “ਸਰਬੱਤ ਦਾ ਭਲਾ” ਮੰਗਦੀ ਹੈ। ਫਿਲਪੀਨ ’ਚ ਵੱਸਦੇ ਪੰਜਾਬੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਵਿਦੇਸ਼ਾਂ ’ਚ ਰਹਿੰਦੇ ਹੋਏ ਵੀ ਆਪਣੀ ਮਾਂ-ਬੋਲੀ, ਸੱਭਿਆਚਾਰ ਤੇ ਮਿੱਟੀ ਨਾਲ ਡੂੰਘਾ ਨਾਤਾ ਬਣਾਈ ਰੱਖਦੇ ਹਨ। ਉਨ੍ਹਾਂ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਰਿਵਾਇਤਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ, ਜੋ ਕਾਬਿਲ-ਏ-ਤਾਰੀਫ ਹੈ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਪਿੰਡ ਗੋਦ ਲੈ ਕੇ ਉਨ੍ਹਾਂ ਦੇ ਸਰਬਪੱਖੀ ਵਿਕਾਸ ’ਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਹਰਿਆ-ਭਰਿਆ ਬਣਾਉਣ, ਗੰਦੇ ਪਾਣੀ ਦੀ ਮੁੜ ਵਰਤੋਂ ਲਈ “ਸੀਚੇਵਾਲ ਮਾਡਲ” ਤਹਿਤ ਮੁਫ਼ਤ ਤਕਨੀਕੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੂਟੇ ਲਗਾਉਣ ਲਈ ਸੀਚੇਵਾਲ ਦੀਆਂ ਨਰਸਰੀਆਂ ’ਚੋਂ ਮੁਫ਼ਤ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਮਾਗਮ ਦੇ ਅੰਤ ’ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ ਕੀਤਾ ਗਿਆ। “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ’ਚ ਪਰਵਾਸੀ ਪੰਜਾਬੀਆਂ ਨੇ ਆਪੋ-ਆਪਣੇ ਪਿੰਡ ਗੋਦ ਲੈਣ ਤੇ ਉਨ੍ਹਾਂ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਵੀ ਪ੍ਰਗਟਾਇਆ।
--------------------
ਪੀਐੱਮ ਤੇ ਵਿਦੇਸ਼ ਮੰਤਰੀ ਨੂੰ ਭਾਰਤੀਆਂ ਦੀ ਵਾਪਸੀ ਲਈ ਅਪੀਲ
ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ’ਚ ਵੱਡੀ ਗਿਣਤੀ ’ਚ ਭਾਰਤੀ ਰੁਜ਼ਗਾਰ ਲਈ ਗਏ ਹੋਏ ਹਨ ਤੇ ਮੌਜੂਦਾ ਹਾਲਾਤ ਵਿੱਚ ਕਈ ਦੇਸ਼ ਸਿੱਧੇ ਤੌਰ ’ਤੇ ਸੰਘਰਸ਼ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਜੰਗ-ਪ੍ਰਭਾਵਿਤ ਖੇਤਰਾਂ ’ਚ ਰਹਿੰਦੇ ਭਾਰਤੀਆਂ ਨੂੰ ਤੁਰੰਤ ਤੇ ਸੁਰੱਖਿਅਤ ਤੌਰ ’ਤੇ ਵਾਪਸ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਦੂਰ ਹੋ ਸਕੇ।