ਅਮਰੀਕੀ ਸਾਮਰਾਜਵਾਦ ਵਿਰੁੱਧ ਡਟਣਾ ਸਮੇਂ ਦੀ ਲੋੜ
ਭਗਤ ਸਿੰਘ ਵੱਲੋਂ ਬਸਤੀਵਾਦ ਵਿਰੁੱਧ ਲੜੀ ਲੜਾਈ ਵਾਂਗ ਅਮਰੀਕੀ ਸਾਮਰਾਜਵਾਦ ਵਿਰੁੱਧ ਡਟਣਾ ਸਮੇਂ ਦੀ ਲੋੜ - ਕਮਿਊਨਿਸਟ ਆਗੂ
Publish Date: Tue, 24 Mar 2026 08:10 PM (IST)
Updated Date: Tue, 24 Mar 2026 08:13 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਜਿਸ ਸ਼ਿੱਦਤ ਨਾਲ ਸ਼ਹੀਦ ਏ ਆਜਿਮ ਭਗਤ ਸਿੰਘ ਤੇ ਉਸਦੇ ਸਾਥੀ ਬਰਤਾਨਵੀ ਸਾਮਰਾਜ ਵਿਰੁੱਧ ਲੜੇ ਸਨ, ਅੱਜ ਉਨ੍ਹਾਂ ਵਰਗੀ ਸੰਜੀਦਗੀ ਨਾਲ ਅਮਰੀਕੀ ਸਾਮਰਾਜ ਵਿਰੁੱਧ ਡਟਣ ਦੀ ਲੋੜ ਹੈ। ਸਾਡੇ ਕੌਮੀ ਯੋਧਿਆਂ ਨੇ ਬਸਤੀਵਾਦ ਵਿਰੁੱਧ ਜਾਨ ਹੂਲਵੀਂ ਲੜਾਈ ਰਾਹੀਂ ਬਰਤਾਨਵੀ ਜੰਜੀਰਾਂ ਤੋੜੀਆਂ ਸਨ। ਇਸੇ ਤਰ੍ਹਾਂ ਅਮਰੀਕਾ ਤੇ ਇਜਰਾਈਲ ਦੀ ਪਸਾਰਵਾਦੀ ਨੀਤੀ ਨੂੰ ਨੱਥ ਪਾਉਣ ਲਈ ਪੂਰੀ ਦੁਨੀਆ ਦੀਆਂ ਲੋਕ ਪੱਖੀ ਆਵਾਜ਼ਾਂ ਨੂੰ ਇਕਸੁਰ ਹੋਣਾ ਸਮੇਂ ਦੀ ਮੰਗ ਹੈ। ਉਕਤ ਸਾਰਤੱਤ ਹੈ, ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਵੱਲੋਂ ਮਹਿਤਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਵਿਸ਼ਾਲ ਮੋਟਰਸਾਈਕਲ ਮਾਰਚ ਦੇ ਪਿੰਡ ਪਰਜੀਆਂ ਕਲਾਂ ਪੁੱਜਣ ਤੇ ਵੱਖ ਵੱਖ ਆਗੂਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਦਾ। ਇਸ ਮਾਰਚ ਦਾ ਪਰਜੀਆਂ ਪਹੁੰਚਣ ਤੇ ਸੀਨੀਅਰ ਆਗੂ ਤੇ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਸਰਪ੍ਰਸਤ ਕਾਮਰੇਡ ਰੂੜਾ ਰਾਮ ਨੇ ਸਿਹਤ ਦੀ ਨਾਸਾਜ਼ਗੀ ਦੇ ਬਾਵਜੂਦ ਜਿਸ ਤਰ੍ਹਾਂ ਸਵਾਗਤ ਕੀਤਾ ਤੇ ਹੱਲਾਸ਼ੇਰੀ ਦਿੰਦੀ ਸੰਖੇਪ ਤਕਰੀਰ ਕੀਤੀ, ਉਸ ਨਾਲ ਸਭਾ ਦੇ ਕਾਰਕੁੰਨ ਉੁਤਸ਼ਾਹ ਨਾਲ ਭਰ ਗਏ। ਸਰਵ ਭਾਰਤ ਨੌਜਵਾਨ ਸਭਾ ਦੇ ਆਗੂ ਮਨਦੀਪ ਸਿੱਧੂ ਦੀ ਅਗਵਾਈ ’ਚ ਦਾਣਾ ਮੰਡੀ ਮਹਿਤਪੁਰ ਤੋਂ ਰਵਾਨਾ ਹੋ ਕੇ ਬੱਸ ਅੱਡਾ ਮਹਿਤਪੁਰ, ਸੰਗੋਵਾਲ, ਟੋਲ ਪਲਾਜ਼ਾ, ਬੀਟਲਾ, ਗੋਸੂਵਾਲ, ਬਾਂਗੀਵਾਲ, ਲੋਹਗੜ, ਬਾਲੋਕੀ, ਉਧੋਵਾਲ, ਪਰਜੀਆਂ ਖੁਰਦ ਹੁੰਦਾ ਹੋਇਆ ਪਰਜੀਆਂ ਕਲਾਂ ਸਮਾਪਤ ਹੋਇਆ। ਮਾਰਚ ਦੌਰਾਨ ‘ਇਨਕਲਾਬ-ਜ਼ਿੰਦਾਬਾਦ’, ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਤੇ ‘ਮੇਰਾ ਰੰਗ ਦੇ ਬਸੰਤੀ ਚੋਲਾ.…’ ਵਰਗੇ ਗੀਤ ਫਿਜ਼ਾਵਾਂ ’ਚ ਇਨਕਲਾਬੀ ਜੋਸ਼ ਭਰਦੇ ਰਹੇ। ਮੋਟਰਸਾਈਕਲ ਮਾਰਚ ਦੀ ਪਰਜੀਆਂ ’ਚ ਸਮਾਪਤੀ ਵੇਲੇ ਸੰਬੋਧਨ ਕਰਨ ਵਾਲੇ ਆਗੂਆਂ ’ਚ ਸਭਾ ਦੇ ਆਗੂ ਮਨਦੀਪ ਸਿੱਧੂ, ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਦੀਪ ਅਰੋੜਾ, ਸੀਪੀਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਾਮਰੇਡ ਵੀਰ ਕੁਮਾਰ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਿਲਬਾਗ ਸਿੰਘ ਚੰਦੀ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਿਕੰਦਰ ਸੰਧੂ ਨੇ ਸਫਲ ਮਾਰਚ ਦੀ ਵਧਾਈ ਦਿੱਤੀ।