ਸਕੂਲ ਆਫ ਐਮੀਨੈਂਸ ’ਚ ਮਨਾਇਆ ਯੁਵਾ ਦਿਵਸ
ਸਕੂਲ ਆਫ ਐਮੀਨੈਂਸ ’ਚ ਐੱਨਐੱਸਐੱਸ ਯੂਨਿਟ ਵੱਲੋਂ ਰਾਸ਼ਟਰੀ ਯੁਵਾ ਦਿਵਸ ਮਨਾਇਆ
Publish Date: Mon, 12 Jan 2026 07:32 PM (IST)
Updated Date: Mon, 12 Jan 2026 07:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਵੱਲੋਂ ਮਾਈ ਭਾਰਤ ਸੈਂਟਰ ਜਲੰਧਰ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਇਸ ਮੌਕੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਨਐੱਸਐੱਸ ਪ੍ਰੋਗਰਾਮ ਅਫਸਰ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਰਾਸ਼ਟਰੀ ਯੁਵਾ ਦਿਵਸ ਸਵਾਮੀ ਵਿਵੇਕਾਨੰਦ ਦੇ ਮਹਾਨ ਵਿਚਾਰਾਂ ਤੇ ਆਦਰਸ਼ਾਂ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਦੱਸਿਆ ਕਿ ਸਵਾਮੀ ਨੇ ਭਾਰਤ ਦੇ ਅਮੀਰ ਸੱਭਿਆਚਾਰ, ਨੈਤਿਕ ਮੁੱਲਾਂ, ਇਤਿਹਾਸ ਤੇ ਵਿਰਸੇ ਨੂੰ ਦੁਨੀਆ ਸਾਹਮਣੇ ਪ੍ਰਗਟ ਕਰਕੇ ਭਾਰਤੀ ਨੌਜਵਾਨਾਂ ਨੂੰ ਵਿਸ਼ਵ ਪੱਧਰ ’ਤੇ ਆਦਰਸ਼ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦਾ ਸੰਦੇਸ਼ ਸੀ“ਉਦੋਂ ਤੱਕ ਚਲਦੇ ਰਹੋ ਜਦੋਂ ਤੱਕ ਮੰਜ਼ਿਲ ਹਾਸਿਲ ਨਾ ਹੋ ਜਾਵੇ।” ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਸਤੁਤ ਕੀਤੇ ਗਏ, ਜਿਨ੍ਹਾਂ ਲਈ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਰੋਹਿਤ ਭਾਟੀਆ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਅਪਣਾਉਣ ਲਈ ਸਾਂਝੀ ਸਹੁੰ ਵੀ ਲਈ ਗਈ। ਪ੍ਰਿੰਸੀਪਲ ਡਾ. ਯੋਗੇਸ਼ ਕੁਮਾਰ ਨੇ ਆਪਣੇ ਸੰਬੋਧਨ ’ਚ ਸਵਾਮੀ ਵਿਵੇਕਾਨੰਦ ਦੇ ਆਦਰਸ਼ਮਈ ਜੀਵਨ ਤੇ ਉਨ੍ਹਾਂ ਦੇ ਪ੍ਰੇਰਕ ਸੰਕਲਪਾਂ ਨੂੰ ਵਿਦਿਆਰਥੀਆਂ ਸਾਹਮਣੇ ਰੱਖਿਆ। ਮਾਈ ਭਾਰਤ ਸੈਂਟਰ ਜਲੰਧਰ ਵੱਲੋਂ ਆਏ ਕੁਲਵਿੰਦਰ ਕੁਮਾਰ ਨੇ ਵੀ ਨੌਜਵਾਨਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਰੋਹ ਦੇ ਅੰਤ ’ਚ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।