ਦੋਆਬਾ ਕਾਲਜ ’ਚ ਉੱਚ ਸਿੱਖਿਆ ਤੇ ਐੱਨਈਪੀ ਦੀਆਂ ਚੁਣੌਤੀਆਂ ’ਤੇ ਰਾਸ਼ਟਰੀ ਸੈਮੀਨਾਰ
ਦੋਆਬਾ ਕਾਲਜ ’ਚ ਉੱਚ ਸਿੱਖਿਆ ਤੇ ਐੱਨਈਪੀ ਦੀਆਂ ਚੁਣੌਤੀਆਂ ’ਤੇ ਰਾਸ਼ਟਰੀ ਸੈਮੀਨਾਰ
Publish Date: Sat, 28 Mar 2026 08:42 PM (IST)
Updated Date: Sun, 29 Mar 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਪਾਲਿਟਿਕਲ ਸਾਇੰਸ ਵਿਭਾਗ ਵੱਲੋਂ ਇੰਡੀਅਨ ਕਾਊਂਸਲ ਫਾਰ ਸੋਸ਼ਲ ਸਾਇੰਸ ਰਿਸਰਚ, ਨਾਰਥ ਵੈਸਟਰਨ ਰੀਜ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ “ਪੰਜਾਬ ’ਚ ਉੱਚ ਸਿੱਖਿਆ ਤੇ ਐੱਨਈਪੀ ਦੀਆਂ ਚੁਣੌਤੀਆਂ” ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦਾ ਸ਼ੁਭ ਅਰੰਭ ਦੀਪ ਪ੍ਰਜਵਲਿਤ ਕਰਕੇ ਤੇ ਦੋਆਬਾ ਜੈ ਗਾਣ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਸਵਾਗਤੀ ਸੰਬੋਧਨ ’ਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ 2020) ਦੇ ਲਾਗੂਕਰਨ ਤੇ ਪੰਜਾਬ ਦੀ ਉੱਚ ਸਿੱਖਿਆ ’ਤੇ ਇਸਦੇ ਪ੍ਰਭਾਵ ਦੇ ਸੰਦਰਭ ’ਚ ਸੈਮੀਨਾਰ ਦੀ ਮਹੱਤਤਾ ਉਜਾਗਰ ਕੀਤੀ। ਮੁੱਖ ਬੁਲਾਰੇ ਡਾ. ਸ਼ਾਲਿਨੀ ਬਹਿਲ (ਕੰਟਰੋਲਰ ਐਗਜ਼ਾਮਸ, ਜੀਐੱਨਡੀਯੂ) ਨੇ ਐੱਨਈਪੀ 2020 ਦੇ ਲਾਗੂਕਰਨ, ਇਸਦੇ ਦ੍ਰਿਸ਼ਟੀਕੋਣ ਤੇ ਚੁਣੌਤੀਆਂ ਬਾਰੇ ਵਿਸਤ੍ਰਿਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਬਹੁ-ਅਨੁਸ਼ਾਸਨੀ ਸਿੱਖਿਆ, ਲਚਕਦਾਰ ਪਾਠਕ੍ਰਮ, ਬਹੁਭਾਸ਼ਾਈਵਾਦ ਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਜ਼ਰੂਰੀ ਦੱਸਦਿਆਂ ਫੈਕਲਟੀ ਸਿਖਲਾਈ ਤੇ ਪੜਾਅਵਾਰ ਲਾਗੂਕਰਨ ’ਤੇ ਜ਼ੋਰ ਦਿੱਤਾ। ਡਾ. ਜਗਰੂਪ ਸਿੰਘ ਸੇਖੋਂ ਨੇ ਐੱਨਈਪੀ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਰਕਾਰ ਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਅਸਮਾਨ ਲਾਗੂਕਰਨ ’ਤੇ ਚਿੰਤਾ ਪ੍ਰਗਟਾਈ। ਡਾ. ਰੀਤੂ ਭੱਟੀ ਨੇ ਆਪਣੇ ਖੋਜ ਪੱਤਰ ਰਾਹੀਂ ਐੱਨਈਪੀ ਦੇ ਪ੍ਰਸੰਗ ’ਚ ਭਾਰਤੀ ਗਿਆਨ ਪਰੰਪਰਾਵਾਂ ਦੀ ਮਹੱਤਤਾ ਬਿਆਨ ਕੀਤੀ। ਇਸ ਤੋਂ ਬਾਅਦ ਤਕਨੀਕੀ ਸੈਸ਼ਨ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਵਿਦਵਾਨਾਂ ਵੱਲੋਂ ਖੋਜ ਪੱਤਰ ਪੇਸ਼ ਕੀਤੇ ਗਏ, ਜਿਸ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਰਹੀ। ਵੈਲੇਡਿਕਟਰੀ ਸੈਸ਼ਨ ’ਚ ਡਾ. ਅਮਿਤ ਕੌਟਜ਼ ਨੇ ਸੈਮੀਨਾਰ ਦੇ ਮੁੱਖ ਬਿੰਦੂਆਂ ਦਾ ਸਾਰ ਪੇਸ਼ ਕੀਤਾ। ਇਸ ਮੌਕੇ ’ਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਅੰਤ ’ਚ ਡਾ. ਨਿਰਮਲ ਸਿੰਘ ਨੇ ਧੰਨਵਾਦ ਮੱਤਾ ਪੇਸ਼ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਦਾ ਐਲਾਨ ਕੀਤਾ।