ਐੱਚਐੱਮਵੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਐੱਚਐੱਮਵੀ ਵਿਖੇ ਹਫ਼ਤਾ ਭਰ ਗਤੀਵਿਧੀਆਂ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Publish Date: Sun, 08 Mar 2026 06:26 PM (IST)
Updated Date: Mon, 09 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੀ ਸੀਵੀ ਰਮਨ ਸਾਇੰਸ ਸੋਸਾਇਟੀ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ 28 ਫਰਵਰੀ ਤੋਂ 6 ਮਾਰਚ 2026 ਤੱਕ ਡੀਐੱਸਟੀ-ਕਿਊਰੀ ਦੀ ਪ੍ਰਾਯੋਜਕਤਾ ਨਾਲ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਹਫ਼ਤਾ ਭਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਪਨ ਸਮਾਰੋਹ ’ਚ ਸਾਬਕਾ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਡਾ. ਨੀਲਿਮਾ ਜੈਰਥ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈਆਂ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕ੍ਰਿਤ੍ਰਿਮ ਬੁੱਧੀ (ਏਆਈ) ਦੇ ਟ੍ਰੈਫਿਕ ਪ੍ਰਬੰਧਨ, ਰੋਬੋਟਿਕ ਸਰਜਰੀ, ਦਵਾਈਆਂ ਦੀ ਖੋਜ ਤੇ ਸਿਹਤ ਖੇਤਰ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਮਹਿਲਾ ਸਿੱਖਿਆ ’ਚ ਇਸ ਦੀ ਮਹੱਤਤਾ ’ਤੇ ਵੀ ਚਰਚਾ ਕੀਤੀ। ਡਾ. ਸਲੋਨੀ ਸ਼ਰਮਾ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਦਿਵਸ ਪ੍ਰਸਿੱਧ ਵਿਗਿਆਨੀ ਸਰ ਸੀਵੀ ਰਮਨ ਵੱਲੋਂ ਕੀਤੀ ਗਈ “ਰਮਨ ਪ੍ਰਭਾਵ” ਦੀ ਖੋਜ ਦੀ ਯਾਦ ’ਚ ਮਨਾਇਆ ਜਾਂਦਾ ਹੈ। ਹਫ਼ਤੇ ਦੌਰਾਨ ਸਾਇੰਟਿਫਿਕ ਕੋਰੀਓਗ੍ਰਾਫੀ, ਪੋਸਟਰ ਮੇਕਿੰਗ, ਕਵਿਜ਼, ਸਾਇੰਟਿਫਿਕ ਰੰਗੋਲੀ, ਆਈਡੀਆ ਪਿਚਿੰਗ ਤੇ ਫਲਾਵਰ ਵਰਾਇਟੀ ਸ਼ੋਅ ਵਰਗੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਡੀਨ ਅਕੈਡਮਿਕਸ ਡਾ. ਸੀਮਾ ਮਰਵਾਹਾ ਨੇ ਵਿਦਿਆਰਥਣਾਂ ਦੀਆਂ ਪ੍ਰਸਤੁਤੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।