ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਮੁਰੰਮਤ ਕਾਰਨ ਬੰਦ
ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਫੋਕਲ ਪੁਆਇੰਟ ਨੇੜੇ ਮੁਰੰਮਤ ਲਈ ਬੰਦ
Publish Date: Wed, 11 Mar 2026 10:57 PM (IST)
Updated Date: Wed, 11 Mar 2026 11:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਨੂੰ ਮੁਰੰਮਤ ਲਈ ਟ੍ਰੈਫਿਕ ਵਾਸਤੇ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ’ਤੇ ਫੋਕਲ ਪੁਆਇੰਟ ਫਲਾਈਓਵਰ ਦੇ ਨਾਲ ਲੱਗਦੀ ਸਰਵਿਸ ਰੋਡ ਨੂੰ ਸੰਜੇ ਗਾਂਧੀ ਨਗਰ ਵੱਲੋਂ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਹਾਈਵੇ ਅਥਾਰਟੀ ਦੀ ਟੀਮ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਥੇ ਸਰਵਿਸ ਰੋਡ ਦੀ ਹਾਲਤ ਕਾਫੀ ਖਰਾਬ ਸੀ ਤੇ ਨਗਰ ਨਿਗਮ ਵੱਲੋਂ ਵੀ ਆਪਣੇ ਪੱਧਰ ’ਤੇ ਇਥੇ ਕੁਝ ਕੰਮ ਕਰਵਾਇਆ ਗਿਆ ਸੀ। ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹਾ ਗਿਆ ਸੀ। ਹੁਣ ਇਥੇ ਤਿੰਨ ਦਿਨਾਂ ਤੋਂ ਮੁਰੰਮਤ ਦਾ ਕੰਮ ਜਾਰੀ ਹੈ। ਸੜਕ ਬੰਦ ਹੋਣ ਕਾਰਨ ਟ੍ਰੈਫਿਕ ’ਤੇ ਵੀ ਅਸਰ ਪੈ ਰਿਹਾ ਹੈ। ਸਵੇਰੇ ਤੇ ਸ਼ਾਮ ਸਮੇਂ ਇਥੇ ਕਾਫੀ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਤਿੰਨ-ਚਾਰ ਦਿਨਾਂ ’ਚ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ। ਪਿਛਲੇ ਸਾਲ ਮਾਨਸੂਨ ਦੌਰਾਨ ਇਥੇ ਕਈ ਲੋਕ ਟੋਇਆਂ ’ਚ ਡਿੱਗ ਗਏ ਸਨ ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਵੀ ਝੱਲਣਾ ਪਿਆ ਸੀ। ਨਗਰ ਨਿਗਮ ਨੇ ਇਥੇ ਮਲਬਾ ਡਲਵਾਕੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਸੀ। ਮੇਅਰ ਵੱਲੋਂ ਹਾਈਵੇ ਅਥਾਰਟੀ ਨੂੰ ਮਾਨਸੂਨ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਦੇ ਨੇੜੇ ਵੀ ਸਰਵਿਸ ਰੋਡ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।