ਕੱਚੇ ਮੁਲਾਜ਼ਮ ਰੈਗੂਲਰ ਕੀਤੇ ਜਾਣ : ਬਾਸੀ
ਪ ਸ ਸ ਫ ਵੱਲੋਂ ਕੌਮੀ ਮੰਗ ਦਿਵਸ ਮਨਾਇਆ
Publish Date: Thu, 26 Feb 2026 07:26 PM (IST)
Updated Date: Thu, 26 Feb 2026 07:28 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕੌਮੀ ਮੰਗ ਦਿਵਸ ਮਨਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਤੇ ਐੱਸਡੀਐੱਮ ਰਾਹੀਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਮੰਗ ਪੱਤਰ ਭੇਜੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੇ ਆਲ ਇੰਡੀਆ ਸਟੇਟ ਗਵਰਨਮੈਂਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਵਾਈਸ ਪ੍ਰਧਾਨ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੰਗ ਪੱਤਰ ’ਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਵੱਖ-ਵੱਖ ਵਿਭਾਗਾਂ ’ਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ, ਫਾਇਨੈਂਸ ਬਿੱਲ 2025 ’ਚ ਪੈਨਸ਼ਨ ਸੰਬੰਧੀ ਪ੍ਰਾਵਧਾਨ ਰੱਦ ਕਰਨ, ਪੀਐੱਫਆਰਡੀਏ ਬਿੱਲ ਤੇ ਐੱਨਪੀਐੱਸ/ਯੂਪੀਐੱਸ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਸ਼ਾਮਲ ਹੈ। ਇਸ ਤੋਂ ਇਲਾਵਾ ਚਾਰ ਕਿਰਤ ਕੋਡ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਇੱਕਸਾਰ ਲਾਗੂ ਕਰਨ, ਵੱਖ-ਵੱਖ ਰਾਜਾਂ ’ਚ ਡੀਏ/ਡੀਅਰ ਦੀ ਬਕਾਇਆ ਕਿਸ਼ਤਾਂ ਜਾਰੀ ਕਰਨ, ਸੰਵਿਧਾਨ ਦੀ ਧਾਰਾ 310 ਤੇ 311(2) (ਏ, ਬੀ, ਸੀ) ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਤੇ ਟੈੱਟ ਪਾਸ ਕਰਨ ਦੀ ਸ਼ਰਤ ਖਤਮ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੈਸ਼ਲੈੱਸ ਹੈਲਥ ਸਕੀਮ ਲਾਗੂ ਕਰਨ ਤੇ ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਕਾਇਮ ਰੱਖਣ ਸਮੇਤ ਹੋਰ ਮੰਗਾਂ ਨੂੰ ਉਠਾਇਆ ਗਿਆ। ਇਸ ਮੌਕੇ ਪੁਸਪਿੰਦਰ ਕੁਮਾਰ ਵਿਰਦੀ, ਨਿਰਮੋਲਕ ਸਿੰਘ ਹੀਰਾ, ਓਮ ਪ੍ਰਕਾਸ਼, ਬਲਬੀਰ ਸਿੰਘ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਬਲਵਿੰਦਰ ਕੁਮਾਰ, ਮਨੋਹਰ ਲਾਲ, ਹਰੀ ਰਾਮ, ਮੋਹਨ ਸਿੰਘ ਭੱਟੀ, ਜੋਗਿੰਦਰ ਸਿੰਘ ਤੇ ਸੁਰਵਿੰਦਰ ਕੁਮਾਰ ਆਦਿ ਹਾਜ਼ਰ ਸਨ।