- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਬਣਨ ਲੱਗਾ ਨਸੂਰ, ਨਸ਼ੇ ਦਾ ਧੰਦਾ ਘਰਾਂ ਤੱਕ ਪਹੁੰਚਿਆ

-ਜ਼ਿਲ੍ਹੇ ’ਚ ਪਰਿਵਾਰ ਸਮੇਤ ਔਰਤਾਂ ਸੰਭਾਲ ਰਹੀਆਂ ਹਨ ਸ਼ਰਾਬ ਤਸਕਰੀ
-ਸ਼ਰਾਬ ਤਸਕਰੀ ਦਾ ਬਦਲਦਾ ਰੂਪ, ਔਰਤਾਂ ਤੇ ਪਰਿਵਾਰ ਚਲਾ ਰਹੇ ਹਨ ਸਪਲਾਈ ਗਿਰੋਹ
-ਇੱਕ ਸਾਲ ਦੌਰਾਨ 70 ਔਰਤਾਂ ਗ੍ਰਿਫ਼ਤਾਰ, ਨਸ਼ੇ ਦੇ ਧੰਦੇ ’ਚ ਪੂਰੇ ਪਰਿਵਾਰ ਉਤਰ ਰਹੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫਿਲੌਰ ਦੀ ਰਹਿਣ ਵਾਲੀ ਰਾਨੂ ਪਹਿਲਾਂ ਆਪਣੇ ਪਤੀ ਨਾਲ ਮਿਲ ਕੇ ਸ਼ਰਾਬ ਤਸਕਰੀ ਵਿਚ ਉਸਦੀ ਮਦਦ ਕਰਦੀ ਸੀ। ਜਦੋਂ ਉਸਦਾ ਪਤੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਕੇ ਜੇਲ੍ਹ ਚਲਾ ਗਿਆ ਤਾਂ ਰਾਨੂ ਨੇ ਖੁਦ ਹੀ ਇਸ ਨਾਜਾਇਜ਼ ਧੰਦੇ ਦੀ ਕਮਾਨ ਸੰਭਾਲ ਲਈ। ਪੁਲਿਸ ਮੁਤਾਬਕ ਰਾਨੂ ਨਾ ਸਿਰਫ ਗੈਰਕਾਨੂੰਨੀ ਸ਼ਰਾਬ ਵੇਚ ਰਹੀ ਸੀ, ਸਗੋਂ ਨੇੜਲੇ ਇਲਾਕਿਆਂ ਵਿੱਚ ਇਸ ਦੀ ਸਪਲਾਈ ਵੀ ਕਰਵਾ ਰਹੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਜਾਲ ਵਿੱਚ ਸ਼ਾਮਲ ਸਨ। ਰਾਨੂ ਤੇ ਉਸਦੇ ਪਰਿਵਾਰ ਖ਼ਿਲਾਫ਼ ਸ਼ਰਾਬ ਵੇਚਣ ਦੇ ਕਈ ਮਾਮਲੇ ਦਰਜ ਹਨ। ਜ਼ਿਲ੍ਹੇ ਵਿਚ ਪਹਿਲਾਂ ਇਹ ਧੰਦਾ ਸਿਰਫ਼ ਮਰਦ ਤਸਕਰਾਂ ਤੱਕ ਹੀ ਸੀਮਿਤ ਸਮਝਿਆ ਜਾਂਦਾ ਸੀ, ਪਰ ਹੁਣ ਔਰਤਾਂ ਅਤੇ ਪੂਰੇ-ਦੇ-ਪੂਰੇ ਪਰਿਵਾਰ ਇਸ ਗੈਰਕਾਨੂੰਨੀ ਕਾਰੋਬਾਰ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਪੁਲਿਸ ਰਿਕਾਰਡਾਂ ਅਨੁਸਾਰ ਪਿਛਲੇ ਇਕ ਸਾਲ ਦੌਰਾਨ ਜਲੰਧਰ ਸ਼ਹਿਰੀ ਅਤੇ ਦਿਹਾਤੀ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲਿਆਂ ਵਿਚ ਲਗਭਗ 70 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕਈ ਔਰਤਾਂ ਸਿਰਫ਼ ਸ਼ਰਾਬ ਵੇਚਣ ਤੱਕ ਹੀ ਸੀਮਿਤ ਨਹੀਂ ਸਨ, ਸਗੋਂ ਪੂਰੀ ਸਪਲਾਈ ਲੜੀ ਸੰਭਾਲ ਰਹੀਆਂ ਸਨ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਸਕਰ ਗਿਰੋਹ ਹੁਣ ਔਰਤਾਂ ਨੂੰ ਅੱਗੇ ਕਰ ਕੇ ਧੰਦਾ ਚਲਾ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਆਮ ਤੌਰ ’ਤੇ ਔਰਤਾਂ ਪੁਲਿਸ ਦੀ ਨਜ਼ਰ ਵਿੱਚ ਘੱਟ ਸ਼ੱਕ ਦੇ ਘੇਰੇ ਵਿੱਚ ਆਉਂਦੀਆਂ ਹਨ। ਇਸ ਦਾ ਫ਼ਾਇਦਾ ਉਠਾ ਕੇ ਸ਼ਰਾਬ ਤਸਕਰੀ ਦਾ ਜਾਲ ਨਵੇਂ ਢੰਗ ਨਾਲ ਫੈਲਾਇਆ ਜਾ ਰਿਹਾ ਹੈ। ਦਿਹਾਤੀ ਖੇਤਰਾਂ ਵਿੱਚ ਗੰਨਾ ਪਿੰਡ ਵਰਗੇ ਕੁਝ ਪਿੰਡ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਲਈ ਬਦਨਾਮ ਰਹੇ ਹਨ, ਜਦਕਿ ਸ਼ਹਿਰੀ ਇਲਾਕਿਆਂ ਵਿਚ ਕਾਜ਼ੀ ਮੰਡੀ ਸਮੇਤ ਕਈ ਖੇਤਰ ਅਜਿਹੇ ਹਨ, ਜਿੱਥੇ ਗੈਰਕਾਨੂੰਨੀ ਸ਼ਰਾਬ ਦਾ ਜਾਲ ਦੀਆਂ ਜੜ੍ਹਾਂ ਡੂੰਘੀਆਂ ਹੋ ਚੁੱਕੀਆਂ ਹਨ।
---
ਪਰਿਵਾਰ ਬਣ ਗਏ ਤਸਕਰੀ ਦੇ ਜਾਲ
ਜ਼ਿਲ੍ਹੇ ਵਿਚ ਹੁਣ ਸਿਰਫ਼ ਇਕ ਜਾਂ ਦੋ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਨਸ਼ੇ ਦੇ ਧੰਦੇ ਵਿੱਚ ਸ਼ਾਮਲ ਪਾਏ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰਥਿਕ ਤੰਗੀ, ਆਸਾਨ ਕਮਾਈ ਅਤੇ ਪੁਰਾਣੇ ਅਪਰਾਧਕ ਸੰਪਰਕਾਂ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਇਸ ਗੈਰਕਾਨੂੰਨੀ ਕਾਰੋਬਾਰ ਵੱਲ ਮੁੜ ਰਹੇ ਹਨ। ਦਿਹਾਤੀ ਖੇਤਰ ਦੇ ਗੰਨਾ ਪਿੰਡ ਵਿੱਚ ਪਿਛਲੇ ਸਾਲ ਪੁਲਿਸ ਨੇ ਇੱਕ ਅਜਿਹੇ ਪਰਿਵਾਰ ਨੂੰ ਕਾਬੂ ਕੀਤਾ, ਜਿੱਥੇ ਪਤੀ-ਪਤਨੀ ਦੇ ਨਾਲ-ਨਾਲ ਉਨ੍ਹਾਂ ਦਾ ਪੁੱਤਰ ਵੀ ਸ਼ਰਾਬ ਤਸਕਰੀ ਵਿੱਚ ਸ਼ਾਮਲ ਸੀ। ਪਤੀ ਸ਼ਰਾਬ ਦੀ ਖੇਪ ਲਿਆਉਣ ਦਾ ਕੰਮ ਕਰਦਾ ਸੀ, ਪਤਨੀ ਗਾਹਕਾਂ ਨਾਲ ਸੌਦੇ ਤੈਅ ਕਰਦੀ ਸੀ, ਜਦਕਿ ਪੁੱਤਰ ਸਪਲਾਈ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ। ਪੁਲਿਸ ਨੇ ਵੱਖ-ਵੱਖ ਛਾਪੇਮਾਰੀਆਂ ਦੌਰਾਨ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ।
ਸ਼ਹਿਰੀ ਖੇਤਰ ਕਾਜ਼ੀ ਮੰਡੀ ਵਿਚ ਪੁਲਿਸ ਨੇ ਔਰਤਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ, ਜੋ ਪੂਰੀ ਤਰ੍ਹਾਂ ਔਰਤਾਂ ਵੱਲੋਂ ਹੀ ਚਲਾਇਆ ਜਾ ਰਿਹਾ ਸੀ। ਇਸ ਗਿਰੋਹ ਦੀ ਮੈਂਬਰ ਸੋਨੀਆ ਸ਼ਰਾਬ ਦੇ ਨਾਲ-ਨਾਲ ਹੈਰੋਇਨ ਦੀ ਤਸਕਰੀ ਵੀ ਕਰ ਰਹੀ ਸੀ। ਇਸ ਗਿਰੋਹ ਵਿੱਚ ਚਾਰ ਔਰਤਾਂ ਸ਼ਾਮਲ ਸਨ, ਜੋ ਕਿਰਾਏ ਦੇ ਘਰਾਂ ਵਿੱਚ ਸ਼ਰਾਬ ਸੰਭਾਲ ਕੇ ਰੱਖਦੀਆਂ ਸਨ ਅਤੇ ਛੋਟੇ-ਛੋਟੇ ਵਾਹਕਾਂ ਰਾਹੀਂ ਸਪਲਾਈ ਕਰਵਾਉਂਦੀਆਂ ਸਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਦੇ ਪਰਿਵਾਰਕ ਮਰਦ ਮੈਂਬਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ।
ਆਦਮਪੁਰ ਖੇਤਰ ’ਚ ਇਕ ਜੋੜੇ ਨੂੰ ਗੈਰਕਾਨੂੰਨੀ ਸ਼ਰਾਬ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪਤੀ ਪਹਿਲਾਂ ਡਰਾਈਵਰੀ ਕਰਦਾ ਸੀ ਪਰ ਬਾਅਦ ਵਿੱਚ ਸ਼ਰਾਬ ਤਸਕਰੀ ਵਿੱਚ ਸ਼ਾਮਲ ਹੋ ਗਿਆ। ਪਤਨੀ ਘਰੋਂ ਹੀ ਆਰਡਰ ਲੈਣ ਅਤੇ ਗਾਹਕਾਂ ਨਾਲ ਸੰਪਰਕ ਬਣਾਉਣ ਦਾ ਕੰਮ ਕਰਦੀ ਸੀ। ਪੁਲਿਸ ਮੁਤਾਬਕ ਇਸ ਜਾਲ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਜੁੜੇ ਹੋਏ ਸਨ। ਸ਼ਹਿਰ ਦੇ ਇੱਕ ਸਲੱਮ ਇਲਾਕੇ ਵਿੱਚ ਮਾਂ, ਧੀ ਅਤੇ ਪੁੱਤਰ ਮਿਲ ਕੇ ਸ਼ਰਾਬ ਵੇਚਦੇ ਹੋਏ ਕਾਬੂ ਕੀਤੇ ਗਏ। ਮਾਂ ਇਲਾਕੇ ਵਿੱਚ ਗਾਹਕਾਂ ਨਾਲ ਸੰਪਰਕ ਰੱਖਦੀ ਸੀ, ਧੀ ਛੋਟੇ ਪੈਕੇਟ ਤਿਆਰ ਕਰਕੇ ਸਪਲਾਈ ਦਿੰਦੀ ਸੀ ਅਤੇ ਪੁੱਤਰ ਬਾਹਰੋਂ ਸ਼ਰਾਬ ਲਿਆਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
---
ਔਰਤਾਂ ਦੀ ਗ੍ਰਿਫ਼ਤਾਰੀ ਪੁਲਿਸ ਲਈ ਵੱਡੀ ਚੁਣੌਤੀ
ਸ਼ਰਾਬ ਤਸਕਰੀ ਵਿੱਚ ਔਰਤਾਂ ਅਤੇ ਪਰਿਵਾਰਾਂ ਦੀ ਵਧਦੀ ਭੂਮਿਕਾ ਪੁਲਿਸ ਲਈ ਇੱਕ ਗੰਭੀਰ ਚੁਣੌਤੀ ਬਣ ਗਈ ਹੈ। ਪੁਲਿਸ ਕਾਰਵਾਈ ਤੋਂ ਬਚਣ ਲਈ ਤਸਕਰ ਔਰਤਾਂ ਨੂੰ ਅੱਗੇ ਕਰ ਰਹੇ ਹਨ। ਪੁਲਿਸ ਵੱਲੋਂ ਨਸ਼ਾ ਤਸਕਰੀ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਇਲਾਕਿਆਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸਦੇ ਨਾਲ ਹੀ ਵਾਰ-ਵਾਰ ਫੜੇ ਜਾ ਰਹੇ ਦੋਸ਼ੀਆਂ ਦੇ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
---
ਜਲੰਧਰ ਵਿਚ ਸ਼ਰਾਬ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਕਈ ਔਰਤ ਤਸਕਰਾਂ ਨੂੰ ਨਸ਼ਾ ਵੇਚਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਸ਼ਰਾਬ ਤਸਕਰੀ ਦੇ ਮਾਮਲਿਆਂ ਵਿਚ ਜਾਂਚ ਲਈ ਔਰਤ ਪੁਲਿਸ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ, ਤਾਂ ਜੋ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਣ ਅਤੇ ਇਸ ਗੈਰਕਾਨੂੰਨੀ ਧੰਦੇ ਨੂੰ ਮੁਕੰਮਲ ਤੌਰ ’ਤੇ ਖ਼ਤਮ ਕੀਤਾ ਜਾ ਸਕੇ। ਪੁਲਿਸ ਦਾ ਇਹ ਅਭਿਆਨ ਅੱਗੇ ਵੀ ਲਗਾਤਾਰ ਜਾਰੀ ਰਹੇਗਾ।
--ਨਵੀਨ ਸਿੰਗਲਾ, ਡੀਆਈਜੀ ਜਲੰਧਰ ਰੇਂਜ।