ਖਜ਼ਾਨੇ ਦੀ ਭਾਲ ’ਚ ਚੋਰਾਂ ਨੇ ਕਿਲ੍ਹੇ ’ਚ ਖੋਦੀ 20 ਫੁੱਟ ਲੰਬੀ ਸੁਰੰਗ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ
Publish Date: Tue, 14 Apr 2026 08:30 PM (IST)
Updated Date: Tue, 14 Apr 2026 08:33 PM (IST)
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਘਟਨਾ, ਏਐੱਸਆਈ ਨੂੰ ਨਹੀਂ ਲੱਗੀ ਭਿਣਕ
ਮਾਨਤਾਵਾਂ ਅਨੁਸਾਰ ਨਰਵਰ ਕਿਲ੍ਹੇ ’ਚ ਦੱਬਿਆ ਹੈ ਰਾਜਾ ਨਲ ਦਾ ਖਜ਼ਾਨਾ
ਨਈ ਦੁਨੀਆ ਪ੍ਰਤੀਨਿਧੀ, ਸ਼ਿਵਪੁਰੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਸਥਿਤ ਇਤਿਹਾਸਕ ਨਰਵਰ ਕਿਲ੍ਹੇ ’ਚ ਧਰਤੀ ਹੇਠਲੇ ਖਜ਼ਾਨੇ ਦੀ ਭਾਲ ’ਚ ਸੁਰੰਗ ਖੋਦਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਲ੍ਹੇ ਦੇ ਅੰਦਰ ਸਥਿਤ ਪ੍ਰਾਚੀਨ ਪਸਰ ਦੇਵੀ ਮੰਦਿਰ ਕੋਲ ਚੋਰਾਂ ਨੇ 20 ਫੁੱਟ ਲੰਬੀ ਸੁਰੰਗ ਪੁੱਟ ਦਿੱਤੀ। ਸ਼ੱਕ ਹੈ ਕਿ ਚੋਰ ਇਹ ਖੋਦਾਈ ਕਈ ਦਿਨਾਂ ਤੋਂ ਕਰ ਰਹੇ ਸਨ। ਨਰਵਰ ਨਗਰ ਰਾਜਾ ਨਲ ਦੀ ਕਹਾਨੀ ਤੇ ਆਪਣੀਆਂ ਇਤਿਹਾਸਕ ਧਰੋਹਰਾਂ ਲਈ ਮਸ਼ਹੂਰ ਹੈ। ਮਾਨਤਾਵਾਂ ਅਨੁਸਾਰ ਮੰਦਿਰ ਦੇ ਹੇਠਾਂ ਰਾਜਾ ਨਲ ਦਾ ਖਜ਼ਾਨਾ ਦਬਿਆ ਹੋਇਆ ਹੈ। ਖਜ਼ਾਨੇ ਤੱਕ ਪਹੁੰਚਣ ਲਈ ਚੋਰਾਂ ਨੇ ਮੰਦਿਰ ਦੇ ਪਿੱਛੇ ਰਾਤ ਦੇ ਹਨੇਰੇ ’ਚ ਸੁਰੰਗ ਪੁੱਟੀ। ਸੁਰੰਗ ਕਿਸੇ ਨੂੰ ਨਜ਼ਰ ਨਾ ਆਏ, ਇਸ ਲਈ ਉਸ ਨੂੰ ਝਾੜੀਆਂ ਨਾਲ ਢਕ ਦਿੱਤਾ ਸੀ।
ਦੱਸ ਦੇਈਏ ਕਿ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੀ ਜਾਇਦਾਦ ਦੇ ਰੂਪ ’ਚ ਮਸ਼ਹੂਰ ਨਰਵਰ ਕਿਲ੍ਹੇ ਦੇ ਮਹੱਲ ਨੂੰ ਧਰਤੀ ਹੇਠਲੇ ਖਜ਼ਾਨੇ ਦੀ ਬਾਲ ਕਰਨ ਵਾਲਿਆਂ ਨੇ ਖੋਦ ਦਿੱਤਾ ਹੈ। ਜਗ੍ਹਾ-ਜਗ੍ਹਾ ਖਜ਼ਾਨੇ ਲਈ ਖੋਦਾਈ ਕੀਤੀ ਜਾਂਦੀ ਰਹੀ ਹੈ। ਹੁਣ ਅਣਪਛਾਤੇ ਲੋਕਾਂ ਨੇ ਮੰਦਿਰ ਤੱਕ ਪਹੁੰਚਣ ਲਈ ਸੁਰੰਗ ਖੋਦੀ ਹੈ। ਸੁਰੰਗ ਨੂੰ ਦੇਖ ਕੇ ਮੰਦਿਰ ਦੇ ਪੁਜਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਥੋਂ ਸੱਬਲ, ਗੈਂਤੀ, ਛੋਟੇ ਸਿਲੰਡਰ ਤੇ ਕੰਬਲ ਬਰਾਮਦ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਕਿਲ੍ਹੇ ’ਚ ਤਾਇਨਾਤ ਏਐੱਸਆਈ ਦੀ ਸੁਰੱਖਿਆ ਟੀਮ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਪਸਰ ਦੇਵੀ ਮੰਦਿਰ ਸੁਰੰਗ ਖੋਦਣ ਦੀ ਜਗ੍ਹਾ ਤੋਂ ਲਗਪਗ 200 ਫੁੱਟ ਦੂਰ ਹੈ। ਪੁਜਾਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੰਬਾਈ-ਚੌੜਾਈ ਤੇ ਦੂਰੀ ਮਾਪਦੇ ਹੋਏ ਸੁਰੰਗ ਬਣਾਈ ਜਾ ਰਹੀ ਸੀ, ਇਸ ਦੇ ਪਿੱਛੇ ਸਥਾਨਕ ਲੋਕ ਤੇ ਜਾਣਕਾਰ ਵੀ ਸ਼ਾਮਲ ਹੋ ਸਕਦੇ ਹਨ। ਨਰਵਰ ਥਾਣਾ ਮੁਖੀ ਵਿਨੇ ਯਾਦਵ ਦਾ ਕਹਿਣਾ ਹੈ ਕਿ ਕਈ ਦਿਨਾਂ ਤੱਕ ਖੋਦਾਈ ਦੇ ਸਬੂਤ ਮਿਲੇ ਹਨ। ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।
ਨਲ-ਦਮਯੰਤੀ ਦੀ ਪ੍ਰੇਮ ਕਹਾਨੀ ਨਾਲ ਜੁੜਿਆ ਹੈ ਕਿਲ੍ਹਾ
ਸ਼ਿਵਪੁਰੀ ਜ਼ਿਲ੍ਹਾ ਹੈੱਡਕੁਆਰਟਰ ਤੋਂ 50 ਕਿਲੋਮੀਟਰ ਦੂਰ ਸਥਿਤ ਨਰਵਰ ਦਾ ਕਿਲ੍ਹਾ ਰਾਜਾ ਨਲ ਤੇ ਦਮਯੰਤੀ ਨਾਲ ਜੁੜਿਆ ਹੈ। ਰਾਜ ਨਲ ਨੇ ਇਸ ਕਿਲ੍ਹੇ ਨੂੰ ਬਣਵਾਇਆ ਸੀ। ਇਹ ਕਿਲ੍ਹਾ ਰਾਜਾ ਨਲ ਤੇ ਵਿਦਰਭ ਦੀ ਰਾਜਕੁਮਾਰੀ ਦਮਯੰਤੀ ਦੀ ਪ੍ਰੇਮ ਕਹਾਨੀ ਨਾਲ ਜੁੜਿਆ ਹੈ।