ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ
Publish Date: Sun, 04 Jan 2026 06:52 PM (IST)
Updated Date: Mon, 05 Jan 2026 04:09 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਸਜਾਇਆ। ਅਰਦਾਸ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਾਲਕੀ ਸਾਹਿਬ ਸਜਾ ਕੇ ਕੀਤੀ ਗਈ, ਜੋ ਪਿੰਡ ਬਾਬਾ ਬੱਦੋਆਣਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਡੱਲੀ ’ਚੋਂ ਹੁੰਦਾ ਹੋਇਆ ਨੈਸ਼ਨਲ ਹਾਈਵੇ ਜੀਟੀ ਰੋਡ ਭੋਗਪੁਰ ਰਾਹੀਂ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ’ਚ ਸੰਗਤਾਂ ਨੇ ਪੈਦਲ, ਟਰੈਕਟਰ-ਟਰਾਲੀਆਂ ਤੇ ਵਾਹਨਾਂ ਰਾਹੀਂ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਸੰਗਤ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੇ ਰਸਤੇ ਦੌਰਾਨ ਸੰਗਤ ਲਈ ਚਾਹ, ਪਕੌੜੇ, ਫਲ, ਖੀਰ ਤੇ ਹੋਰ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਦੌਰਾਨ ਭਾਜਪਾ ਦੇ ਹਲਕਾ ਆਦਮਪੁਰ ਦੇ ਇੰਚਾਰਜ ਹਰਵਿੰਦਰ ਸਿੰਘ ਡੱਲੀ, ਗੁਰਜੀਤ ਸਿੰਘ ਸਨੌਰਾ, ਸਾਬਕਾ ਸਰਪੰਚ ਗੋਲਡੀ ਤੇ ਗੁਰਿੰਦਰਜੀਤ ਸਿੰਘ ਘੁੰਮਣ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਹੁਦੇਦਾਰਾਂ ਸਮੇਤ ਗੁਰਜੀਤ ਸਿੰਘ ਵੈਦ, ਤਰਲੋਕ ਸਿੰਘ, ਬਲਜਿੰਦਰ ਸਿੰਘ ਡੱਲੀ, ਕਾਕਾ ਡੱਲੀ, ਪਗਰਟ ਸਿੰਘ, ਦਵਿੰਦਰ ਸਿੰਘ ਤੇ ਇਲਾਕੇ ਦੀ ਭਾਰੀ ਗਿਣਤੀ ’ਚ ਸੰਗਤ ਹਾਜ਼ਰ ਸੀ।