ਨਗਰ ਕੀਰਤਨ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ
ਦਸ਼ਮੇਸ਼ ਪਿਤਾ ਦੇ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਜਾਇਆ
Publish Date: Sun, 04 Jan 2026 08:02 PM (IST)
Updated Date: Mon, 05 Jan 2026 04:12 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਕੰਗ ਸਾਹਿਬ ਰਾਏ ਵਿਖੇ ਸਾਹਿਬ-ਏ-ਕਮਾਲ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਪਿੰਡ ਕੰਗ ਸਾਹਿਬ ਰਾਏ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ’ਚ ਆਰੰਭ ਹੋਇਆ ਤੇ ਸਮੂਹ ਨਗਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਇਸ ਦੌਰਾਨ ਨਗਰ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ’ਤੇ ਇਸ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਕੀਰਤਨੀ ਜਥੇ ਵੱਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਮਹਾਰਾਜ ਜੀ ਦੀ ਉਸਤਤਿ ’ਚ ਲਖਬੀਰ ਸਿੰਘ ਕੰਗ ਵੱਲੋਂ ਵੀ ਕਵਿਤਾ ਪੇਸ਼ ਕੀਤੀ ਗਈ। ਨਗਰ ਦੀਆਂ ਸਮੂਹ ਸੰਗਤਾਂ ਨਗਰ ਕੀਰਤਨ ’ਚ ਨਤਮਸਤਕ ਹੋਈਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਵੱਲੋਂ ਮਿਲੀ ਸੂਚਨਾ ਅਨੁਸਾਰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਹਨ ਤੇ 5 ਜਨਵਰੀ ਨੂੰ ਭੋਗ ਪਾਏ ਜਾਣਗੇ। ਉਪਰੰਤ ਢਾਡੀ ਜਥੇ ਦਸਮੇਸ਼ ਪਿਤਾ ਜੀ ਦੇ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਲੈਬਰ ਸਿੰਘ, ਮੰਗਲ ਸਿੰਘ, ਜਗਤਾਰ ਸਿੰਘ, ਜਸਪ੍ਰੀਤ ਸਿੰਘ, ਪ੍ਰਬਰੂਪ ਸਿੰਘ, ਹਰਜਿੰਦਰ ਸਿੰਘ, ਹਰਬੰਸ ਸਿੰਘ, ਚਰਨ ਸਿੰਘ, ਜਿੰਦਰ, ਅਮਰੀਕ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਨੌਜਵਾਨ ਤੇ ਬੀਬੀਆਂ ਸ਼ਾਮਲ ਹੋਈਆਂ।