ਸ਼ਹਿਰ ਦੀ ਬਜਾਏ ਪਰਾਗਪੁਰ ਹਾਈਵੇ ’ਤੇ ਲੱਗਦੈ ਐੱਮਵੀਆਈ ਦਾ ਦਫ਼ਤਰ
ਸ਼ਹਿਰ ਦੀ ਬਜਾਏ ਪਰਾਗਪੁਰ ਹਾਈਵੇ 'ਤੇ ਲੱਗਦਾ ਹੈ ਐੱਮਵੀਆਈ ਦਾ ਦਫ਼ਤਰ
Publish Date: Tue, 07 Apr 2026 09:31 PM (IST)
Updated Date: Tue, 07 Apr 2026 09:35 PM (IST)

-ਐੱਸਟੀਸੀ ਨੇ ਕਿਹਾ, ਆਦੇਸ਼ਾਂ ਅਨੁਸਾਰ ਦਫ਼ਤਰ ’ਚ ਹੀ ਬੈਠਣਾ ਹੋਵੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਰਟੀਓ ਦਫ਼ਤਰ ’ਚ ਆਨਲਾਈਨ ਅਰਜ਼ੀਆਂ ਦੀ ਮਨਜ਼ੂਰੀ ਤੋਂ ਲੈ ਕੇ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਤੱਕ, ਹਰ ਕੰਮ ਲਈ ਬਿਨੈਕਾਰਾਂ ਨੂੰ ਦਫ਼ਤਰ ਦੇ ਚੱਕਰ ਲਾਉਣੇ ਹੀ ਪੈਂਦੇ ਹਨ। ਪਹਿਲਾਂ ਹੀ ਅਰਜ਼ੀਆਂ ਦੀ ਪੈਂਡੈਂਸੀ ਕਾਰਨ ਲੋਕ ਪਰੇਸ਼ਾਨ ਹਨ, ਉੱਪਰੋਂ ਹੁਣ ਇਹ ਨਵੀਂ ਸਮੱਸਿਆ ਸਾਹਮਣੇ ਆਈ ਹੈ ਕਿ ਐੱਮਵੀਆਈ (ਮੋਟਰ ਵਹੀਕਲ ਇੰਸਪੈਕਟਰ) ਸ਼ਹਿਰ ਦੇ ਦਫ਼ਤਰ ’ਚ ਬੈਠਣ ਦੀ ਬਜਾਏ ਪਰਾਗਪੁਰ ਹਾਈਵੇ ਕੰਢੇ ਦਫ਼ਤਰ ਲਾ ਰਹੇ ਹਨ। ਐੱਮਵੀਆਈ ਨਰਿੰਦਰ ਕੁਮਾਰ ਕੋਲ ਜਲੰਧਰ ਨਾਲ ਨਾਲ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦਾ ਵੀ ਚਾਰਜ ਹੈ, ਜਿਸ ਕਾਰਨ ਉਹ ਜਲੰਧਰ ਦੇ ਕੰਮ ਲਈ ਸਿਰਫ਼ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਹੀ ਉਪਲੱਬਧ ਹੁੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੁਝ ਸਾਲ ਪਹਿਲਾਂ ਬੱਸ ਸਟੈਂਡ ਨੇੜੇ ਡਰਾਈਵਿੰਗ ਟਰੈਕ ਦੇ ਨਾਲ ਰੋਡਵੇਜ਼ ਦੀ ਇਮਾਰਤ ’ਚ ਐੱਮਵੀਆਈ ਦਾ ਦਫ਼ਤਰ ਹੁੰਦਾ ਸੀ, ਜਿੱਥੇ ਲੋਕ ਆਸਾਨੀ ਨਾਲ ਆਪਣਾ ਕੰਮ ਕਰਵਾ ਲੈਂਦੇ ਸਨ ਪਰ ਪਰਾਗਪੁਰ ਹਾਈਵੇ ਤੇ ਮੈਕਡੋਨਾਲਡ ਨੇੜੇ ਸੜਕ ਕੰਢੇ ਦਫ਼ਤਰ ਲੱਗਣ ਤੋਂ ਬਾਅਦ ਲੋਕਾਂ ਨੂੰ ਕਈ ਵਾਰ ਐੱਮਵੀਆਈ ਨੂੰ ਮਿਲਣ ਲਈ ਉੱਥੇ ਜਾਣਾ ਪੈਂਦਾ ਹੈ। ਨਹੀਂ ਤਾਂ ਉਨ੍ਹਾਂ ਨੂੰ ਆਪਣੇ ਕੰਮ ਲਈ ਕਿਸੇ ਏਜੰਟ ਦੀ ਮਦਦ ਲੈਣੀ ਪੈਂਦੀ ਹੈ। --------------------- ਐੱਮਵੀਆਈ ਦੇ ਕੰਮ ਕੀ ਹਨ ਹਰ ਜ਼ਿਲ੍ਹੇ ਦੇ ਐੱਮਵੀਆਈ ਨੂੰ ਕਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਜਾਂਚ, ਪਾਸਿੰਗ ਸਰਟੀਫਿਕੇਟ ਜਾਰੀ ਕਰਨਾ, ਪੁਰਾਣੇ ਵਾਹਨਾਂ ਦੇ ਸੁਰੱਖਿਆ ਮਿਆਰ ਯਕੀਨੀ ਬਣਾਉਣਾ, ਪ੍ਰਦੂਸ਼ਣ ਪੱਧਰ ਦੀ ਜਾਂਚ ਕਰਨਾ, ਹਾਦਸਾਗ੍ਰਸਤ ਵਾਹਨਾਂ ਦਾ ਸਰਵੇ ਕਰਨਾ ਤੇ ਭਾਰੀ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀਕਾਰਾਂ ਦਾ ਟੈਸਟ ਲੈਣਾ ਵਰਗੇ ਕੰਮ ਸੌਂਪੇ ਜਾਂਦੇ ਹਨ। ਇਹ ਸਾਰੇ ਕੰਮ ਆਰਟੀਓ ਦੇ ਅਧੀਨ ਕੀਤੇ ਜਾਂਦੇ ਹਨ, ਜਿਸ ਲਈ ਆਰਟੀਓ ਦਾ ਦਫ਼ਤਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਹੈ, ਜਦਕਿ ਐੱਮਵੀਆਈ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਬਾਹਰਲੇ ਦਫ਼ਤਰ ’ਚ ਬੈਠਦੇ ਹਨ। --------------------- ਆਦੇਸ਼ਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ : ਐੱਸਟੀਸੀ ਐੱਸਟੀਸੀ (ਸਟੇਟ ਟਰਾਂਸਪੋਰਟ ਕਮਿਸ਼ਨਰ) ਪਰਨੀਤ ਸ਼ੇਰਗਿੱਲ ਦਾ ਕਹਿਣਾ ਹੈ ਕਿ ਇਹ ਚੈੱਕ ਕਰਨਾ ਪਵੇਗਾ ਕਿ ਐੱਮਵੀਆਈ ਨੂੰ ਕਿਸ ਦਫ਼ਤਰ ’ਚ ਬੈਠਣ ਦੇ ਹੁਕਮ ਹਨ। ਸੰਭਵ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦਾ ਚਾਰਜ ਹੋਣ ਕਾਰਨ ਵਾਹਨਾਂ ਦੀ ਪਾਸਿੰਗ ਲਈ ਹਾਈਵੇ ਕੰਢੇ ਬੈਠਣ ਦੀ ਵਿਵਸਥਾ ਬਣਾਈ ਗਈ ਹੋਵੇ ਪਰ ਪੁਰਾਣੇ ਐੱਮਵੀਆਈ ਦੇ ਰੋਡਵੇਜ਼ ਵਾਲੇ ਦਫ਼ਤਰ ’ਚ ਬੈਠਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਜਿਹੜੀ ਵੀ ਜਗ੍ਹਾ ਆਦੇਸ਼ਾਂ ’ਚ ਦਰਜ ਹੋਵੇਗੀ, ਉਸੇ ਦਫ਼ਤਰ ਵਿਚ ਐੱਮਵੀਆਈ ਨੂੰ ਬੈਠਣ ਲਈ ਦੋ ਦਿਨਾਂ ’ਚ ਹੁਕਮ ਜਾਰੀ ਕਰ ਦਿੱਤੇ ਜਾਣਗੇ।