ਸਮਾਜ ਭਲਾਈ ਦੇ ਕਾਰਜਾਂ ਲਈ ਮੁਠੱਡਾ ਸਨਮਾਨਿਤ
ਅਜੇ ਸਿੰਘ ਨਾਗੀ, ਪੰਜਾਬੀ
Publish Date: Fri, 27 Feb 2026 07:12 PM (IST)
Updated Date: Fri, 27 Feb 2026 07:16 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੀ ਹੌਸਲਾ ਅਫਜ਼ਾਈ ਦੀ ਲੜੀ ਤਹਿਤ, ਅੱਜ 'ਲੋਕ ਇਨਸਾਫ਼ ਮੰਚ ਪੰਜਾਬ' ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਦੇ ਅਹੁਦੇਦਾਰਾਂ ਨੇ ਆਜ਼ਾਦ ਕਬੱਡੀ ਕਲੱਬ ਦੇ ਮੁੱਖ ਸੇਵਾਦਾਰ ਅਤੇ ਲੋਕਾਂ ਦੇ ਦੁੱਖਾਂ-ਤਕਲੀਫ਼ਾਂ ਵਿੱਚ ਹਮੇਸ਼ਾ ਮੋਹਰੀ ਹੋ ਕੇ ਖੜ੍ਹਨ ਵਾਲੇ ਗਰੀਬਾਂ ਦੇ ਹਮਦਰਦ ਜੱਸ ਔਜਲਾ ਮੁਠੱਡਾ ਦਾ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਸਕੱਤਰ ਪਰਸ਼ੋਤਮ ਫਿਲੌਰ, ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਹਨੀ ਫਿਲੌਰ, ਸੁਰਜੀਤ ਸਿੰਘ, ਰਾਜਵਿੰਦਰ ਮੁੱਠਡਾ ਅਤੇ ਬਿੱਲਾ ਮੁਠੱਡਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਸਨਮਾਨ ਕਰਨ ਉਪਰੰਤ ਮੰਚ ਦੇ ਸਕੱਤਰ ਪਰਸ਼ੋਤਮ ਫਿਲੌਰ ਤੇ ਮੀਤ ਪ੍ਰਧਾਨ ਮਾਸਟਰ ਹੰਸ ਰਾਜ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਜੱਸ ਔਜਲਾ ਮੁਠੱਡਾ ਇਕ ਅਜਿਹੀ ਸ਼ਖਸੀਅਤ ਹਨ, ਜੋ ਲੰਬੇ ਸਮੇਂ ਤੋਂ ਬਿਨਾਂ ਕਿਸੇ ਪ੍ਰਚਾਰ ਜਾਂ ਸੁਆਰਥ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਇਲਾਕੇ ਵਿੱਚ ਕਿਸੇ ਮਜ਼ਲੂਮ 'ਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਕਿਸੇ ਨੂੰ ਇਨਸਾਫ਼ ਦੀ ਲੋੜ ਹੁੰਦੀ ਹੈ ਤਾਂ ਜੱਸ ਔਜਲਾ ਹਮੇਸ਼ਾ ਚੱਟਾਨ ਵਾਂਗ ਨਾਲ ਖੜ੍ਹਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦ ਕਬੱਡੀ ਕਲੱਬ ਰਾਹੀਂ ਜੱਸ ਔਜਲਾ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਰਗੀ ਅਲਾਮਤ ਤੋਂ ਬਚਾਉਣ ਲਈ ਜੋ ਬੀੜਾ ਚੁੱਕਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣਾ। ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤੇ ਜੱਸ ਔਜਲਾ ਇਸ ਕਾਰਜ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਅ ਰਹੇ ਹਨ।
ਸਨਮਾਨ ਹਾਸਲ ਕਰਨ ਉਪਰੰਤ ਜੱਸ ਔਜਲਾ ਮੁਠੱਡਾ ਨੇ ਲੋਕ ਇਨਸਾਫ਼ ਮੰਚ ਪੰਜਾਬ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਣ-ਸਨਮਾਨ ਮੈਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਖਰੀ ਦਮ ਤੱਕ ਲੋੜਵੰਦਾਂ ਦੀ ਸੇਵਾ ਤੇ ਪੰਜਾਬੀ ਮਾਂ-ਖੇਡ ਕਬੱਡੀ ਦੀ ਪ੍ਰਫੁੱਲਤਾ ਲਈ ਕਾਰਜਸ਼ੀਲ ਰਹਿਣਗੇ। ਇਸ ਮੌਕੇ ਹਾਜ਼ਰ ਹੋਰਨਾਂ ਆਗੂਆਂ ਨੇ ਵੀ ਔਜਲਾ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।