ਮੁਠੱਡਾ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
ਮਹਿੰਦਰ ਰਾਮ ਫੁੱਗਲਾਣਾ, ਜਲੰਧਰ
Publish Date: Mon, 23 Feb 2026 07:25 PM (IST)
Updated Date: Mon, 23 Feb 2026 07:28 PM (IST)
ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਇੰਗਲੈਂਡ ਅੰਦਰ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਨਾਲ ਜੁੜੇ, ਮਹੱਤਵਪੂਰਨ ਮੁੱਦਿਆਂ ਉਪਰ ਸਮੇਂ ਸਮੇਂ ਲਿਖਣ ਵਾਲੇ, ਆਪਣੀ ਜਨਮ ਭੋਇੰ ਪੰਜਾਬ ਅਤੇ ਦੇਸ ਪ੍ਰਦੇਸ ਅੰਦਰ ਲੋਕ ਸਰੋਕਾਰਾਂ ਨਾਲ ਜੁੜਕੇ ਰਹਿਣ ਵਾਲੇ ਤਰਲੋਚਨ ਸਿੰਘ ਮੁਠੱਡਾ ਗਲਾਸਗੋ (ਸਕਾਟਲੈਂਡ) ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ਪੁੱਜਕੇ ਮਹਾਨ ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਇਨਕਲਾਬੀ ਯੋਧਿਆਂ ਨੂੰ ਸਿਜਦਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸਭਿਆਚਾਰਕ ਵਿੰਗ ਪਰਿਵਾਰ ਨਾਲ ਜੁੜੇ ਲੇਖਕਾਂ, ਇਤਿਹਾਸਕਾਰਾਂ, ਰੰਗ ਕਰਮੀਆਂ ਨਾਲ ਉਹਨਾਂ ਦੀ ਮਿਲਣੀ ਮੌਕੇ ਤਰਲੋਚਨ ਮੁਠੱਡਾ ਨੇ ਇੰਗਲੈਂਡ ਦੇ ਤਾਜ਼ਾ ਹਾਲਾਤ, ਪਿਛਲੇ ਅਰਸੇ ਤੋਂ ਓਥੇ ਗਈ ਜੁਆਨੀ ਬਾਰੇ ਵਿਚਾਰਾਂ ਕੀਤੀਆਂ ਅਤੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਪੰਜਾਬ ਅਤੇ ਪੂਰੇ ਮੁਲਕ ਦੇ ਜੋ ਹਾਲਾਤ ਕਈ ਪੱਖਾਂ ਤੋਂ ਬਣਦੇ ਜਾ ਰਹੇ ਹਨ, ਉਸ ਬਾਰੇ ਵੀ ਓਥੇ ਵਸਦੇ ਸੁਹਿਰਦ ਪਰਿਵਾਰ ਕਾਫ਼ੀ ਚਿੰਤਾਤੁਰ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮੁਹਿੰਮ ਸਬੰਧੀ 27 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਰੱਖੀ ਵਿਚਾਰ-ਚਰਚਾ, ਸਾਲ ਭਰ ਨਿਰੰਤਰ ਮੁਹਿੰਮ ਦੀ ਰੂਪ ਰੇਖਾ ਅਤੇ ਇਸਦੀ ਸਿਖ਼ਰ 'ਤੇ ਪਹਿਲੀ ਨਵੰਬਰ ਨੂੰ ਹੋਣ ਵਾਲਾ 'ਮੇਲਾ ਗ਼ਦਰੀ ਬਾਬਿਆਂ ਦਾ' ਤੱਕ ਲਿਜਾਣ ਦੀ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪਰਦੇਸ ਵਸਦੇ ਪੰਜਾਬੀਆਂ ਤੋਂ ਭਰਵੇਂ ਯੋਗਦਾਨ ਦੀ ਅਪੀਲ ਕੀਤੀ। ਕਮੇਟੀ ਆਗੂਆਂ ਨੇ ਹਾਲ ਅੰਦਰ ਲਾਇਬ੍ਰੇਰੀ, ਮਿਊਜ਼ੀਅਮ, ਫ਼ਿਲਮ ਥੀਏਟਰ, ਵੱਖ-ਵੱਖ ਹਾਲਾਂ ਦੀਆਂ ਲੋੜਾਂ ਦੀ ਪੂਰਤੀ ਲਈ ਚੁੱਕੇ ਜਾ ਰਹੇ ਕੰਮਾਂ ਕਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਾਂਝੀ ਵਿਚਾਰ-ਚਰਚਾ ਦਾ ਸਾਰ ਤੱਤ ਇਹ ਸੀ ਕਿ ਪ੍ਰਸਪਰ ਸਹਿਯੋਗ ਅਤੇ ਜਾਣਕਾਰੀ ਉਥੋਂ ਦੀਆਂ ਸੰਸਥਾਵਾਂ ਅਤੇ ਕਮੇਟੀ ਦਰਮਿਆਨ ਭਵਿੱਖ਼ ਵਿੱਚ ਹੋਰ ਵੀ ਵਧੇਰੇ ਨੇੜਿਓ ਜੁੜਕੇ ਰਹਿਣੀ ਚਾਹੀਦੀ ਹੈ। ਤਰਲੋਚਨ ਮੁਠੱਡਾ ਦਾ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਉਹਨਾਂ ਨਾਲ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਵੀ ਆਏ ਹੋਏ ਸਨ। ਸਨਮਾਨ ਅਤੇ ਵਿਚਾਰ-ਚਰਚਾ ਮੌਕੇ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਅਜਮੇਰ ਸਿੰਘ, ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਨਾਲ ਜੁੜੇ ਡਾ. ਹਰਜੀਤ, ਜਸਵਿੰਦਰ ਪੱਪੀ, ਕੁਲਵੰਤ ਕੌਰ ਨਗਰ (ਮਾਨਵਤਾ ਕਲਾ ਮੰਚ ਨਗਰ) ਅਤੇ ਗੁਰਦੀਪ ਸ਼ਾਮਲ ਸਨ।