ਨਗਰ ਕੌਂਸਲ ਆਦਮਪੁਰ ਵੱਲੋਂ ਹਰਿਤ ਜੈਵਿਕ ਖਾਦ ਦਾ ਸਟੋਰ ਸ਼ੁਰੂ
ਨਗਰ ਕੌਂਸਲ ਆਦਮਪੁਰ ਵੱਲੋਂ ਹਰਿਤ ਜੈਵਿਕ ਖਾਦ ਦਾ ਸਟੋਰ ਸ਼ੁਰੂ
Publish Date: Tue, 31 Mar 2026 07:06 PM (IST)
Updated Date: Tue, 31 Mar 2026 07:10 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਨਗਰ ਕੌਂਸਲ ਆਦਮਪੁਰ ਵੱਲੋਂ ਵਾਤਾਵਰਣ ਸੰਭਾਲ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਬੱਸ ਅੱਡਾ ਆਦਮਪੁਰ ਵਿਖੇ ਹਰਿਤ ਜੈਵਿਕ ਖਾਦ ਦਾ ਸਟੋਰ ਸ਼ੁਰੂ ਕੀਤਾ ਗਿਆ। ਇਸ ਸਟੋਰ ’ਚ ਫਲਾਂ ਤੇ ਸਬਜ਼ੀਆਂ ਦੇ ਛਿਲਕਿਆਂ ਤੋਂ ਤਿਆਰ ਕੀਤੀ ਗਈ ਖਾਦ ਉਪਲਬਧ ਕਰਵਾਈ ਜਾਵੇਗੀ। ਇਹ ਖਾਦ ਨਗਰ ਕੌਂਸਲ ਵੱਲੋਂ ਆਪਣੇ ਪ੍ਰੋਸੈਸਿੰਗ ਪਲਾਂਟ ਪੰਡੋਰੀ ਮਹਿਤਮਾ, ਸ਼ਾਮ 84 ਹੁਸ਼ਿਆਰਪੁਰ ਵਿਖੇ ਪਿੱਟਾਂ ’ਚ ਤਿਆਰ ਕੀਤੀ ਜਾਂਦੀ ਹੈ। ਸਟੋਰ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਤੇ ਕਾਰਜ ਸਾਧਕ ਅਫਸਰ ਰਾਮਜੀਤ ਵੱਲੋਂ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਾਦ ਸਟੋਰ ਖੋਲ੍ਹਣਾ ਸ਼ਲਾਘਾਯੋਗ ਉਪਰਾਲਾ ਹੈ ਤੇ ਇਹ ਮਾਡਲ ਪੰਜਾਬ ਦੇ ਹੋਰ ਸ਼ਹਿਰਾਂ ’ਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ’ਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਨਗਰ ਕੌਂਸਲ ਨੂੰ ਸੌਂਪਣ, ਤਾਂ ਜੋ ਇਸ ਦਾ ਸਹੀ ਢੰਗ ਨਾਲ ਨਿਬੇੜਾ ਕਰਕੇ ਖਾਦ ਤਿਆਰ ਕੀਤੀ ਜਾ ਸਕੇ। ਈਓ ਰਾਮਜੀਤ ਨੇ ਦੱਸਿਆ ਕਿ ਘਰਾਂ ਤੋਂ ਇਕੱਤਰ ਕੀਤਾ ਗਿਆ ਗਿੱਲਾ ਕੂੜਾ, ਖ਼ਾਸ ਕਰਕੇ ਫਲਾਂ ਤੇ ਸਬਜ਼ੀਆਂ ਦਾ ਵੇਸਟ, ਪਿੱਟਾਂ ’ਚ ਪ੍ਰੋਸੈਸ ਕਰਕੇ ਉੱਚ ਗੁਣਵੱਤਾ ਵਾਲੀ ਜੈਵਿਕ ਖਾਦ ’ਚ ਬਦਲਿਆ ਜਾਂਦਾ ਹੈ, ਜਦਕਿ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾਂਦਾ ਹੈ। ਸੀਐੱਫ ਨਿਰਮਲ ਬੈਸ ਨੇ ਦੱਸਿਆ ਕਿ ਇਹ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਲੈਬ ’ਚ ਟੈਸਟ ਕੀਤੀ ਗਈ ਹੈ ਤੇ ਇਹ ਬੂਟਿਆਂ ਤੇ ਫਸਲਾਂ ਲਈ ਬਹੁਤ ਹੀ ਲਾਭਕਾਰੀ ਹੈ। ਇਸ ਮੌਕੇ ਕਲਰਕ ਤਨੁਜ ਮਲਹੋਤਰਾ, ਮੋਟੀਵੇਟਰ ਸੁਰਿੰਦਰ ਸਿੰਘ, ਸੰਦੀਪ ਕੌਰ, ਕੀਰਤੀ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।