ਰੇਹੜੀਆਂ ਦੀਆਂ 20 ਹਜ਼ਾਰ ਨੰਬਰ ਪਲੇਟਾਂ ਲਾਉਣ ਦਾ ਕੰਮ ਠੇਕੇ ’ਤੇ ਦੇਵੇਗਾ ਨਿਗਮ : ਮੇਅਰ
ਨਗਰ ਨਿਗਮ ਰੇਹੜੀਆਂ ਦੀਆਂ 20 ਹਜ਼ਾਰ ਨੰਬਰ ਪਲੇਟਾ ਲਾਉਣ ਦਾ ਕੰਮ ਠੇਕੇ ਤੇ ਦਵੇਗੀ - ਮੇਅਰ
Publish Date: Sun, 12 Apr 2026 06:36 PM (IST)
Updated Date: Mon, 13 Apr 2026 04:14 AM (IST)

- 20 ਹਜ਼ਾਰ ਪਲੇਟਾਂ ਲਾਉਣ ਲਈ ਟੈਂਡਰ ਛੇਤੀ ਮੰਗੇ ਜਾਣਗੇ - ਨਿਗਮ ਪਾਰਕਿੰਗ ਤੇ ਰੰਗਲਾ ਵਿਹੜਾ ਸਮੇਤ 16 ਪਾਰਕਿੰਗਾਂ ਦੇ ਟੈਂਡਰ ਛੇਤੀ ਲਗਾਏ ਜਾਣਗੇ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਤਹਿ ਬਾਜ਼ਾਰੀ ਬ੍ਰਾਂਚ ਦੇ ਕੰਮ ਤੇਜ਼ ਰਫ਼ਤਾਰ ਨਾਲ ਕਰਨ ਲਈ ਰੇਹੜੀਆਂ ਦੀਆਂ ਨੰਬਰ ਪਲੇਟਾਂ ਲਾਉਣ ਦਾ ਕੰਮ ਠੇਕੇ ’ਤੇ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਛੇਤੀ ਟੈਂਡਰ ਲਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਇਹ ਫੈਸਲਾ ਤਹਿ ਬਾਜ਼ਾਰੀ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਹਿ ਬਾਜ਼ਾਰੀ ਬ੍ਰਾਂਚ ਇਕ ਸਾਲ ’ਚ 20 ਹਜ਼ਾਰ ਰੇਹੜੀਆਂ ਤੇ ਨੰਬਰ ਪਲੇਟਾਂ ਨਹੀਂ ਲਗਵਾ ਸਕੀ, ਜਿਸ ਨੂੰ ਦੇਖਦੇ ਹੋਏ ਹੁਣ ਨੰਬਰ ਪਲੇਟਾਂ ਦਾ ਕੰਮ ਠੇਕੇ ’ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਤਹਿ ਬਾਜ਼ਾਰੀ ਬ੍ਰਾਂਚ ਵੱਲੋਂ 4400 ਰੇਹੜੀਆਂ ਨੂੰ ਨੰਬਰ ਪਲੇਟਾਂ ਲਗਾਈਆਂ ਹਨ, ਜੋ ਕਿ ਬ੍ਰਾਂਚ ਦੀ ਢਿੱਲੀ ਕਾਰਗੁਜ਼ਾਰੀ ਦਾ ਸੰਕੇਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਲੇਟਾਂ ਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਠੇਕਾ ਕੰਪਨੀ ਵੱਲੋਂ ਮੋਨੀਟਰਿੰਗ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਹਿ ਬਾਜ਼ਾਰੀ ਦਾ ਸਾਲਾਨਾ ਬਜਟ ਟੀਚਾ ਕੇਵਲ 5 ਕਰੋੜ ਦਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ 20 ਹਜ਼ਾਰ ਨੰਬਰ ਪਲੇਟਾਂ ਦਾ ਠੇਕਾ ਦਿੱਤਾ ਜਾਣਾ ਹੈ, ਉਹ ਨਿਰਧਾਰਤ ਸਮੇਂ ’ਤੇ ਪੂਰਾ ਕਰਨ ਦਾ ਠੇਕਾ ਕੰਪਨੀ ਤੋਂ ਲਿਖਤੀ ਤੌਰ ’ਤੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਨੂੰ ਪੱਤਰ ਲਿਖ ਕੇ ਰੇਹੜੀਆਂ, ਮੰਡੀਆਂ ਤੇ ਪਾਰਕਿੰਗਾਂ ਦੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਕਿਹਾ ਹੈ। ਪਾਰਕਿੰਗਾਂ ਦਾ ਠੇਕਾ ਇਸ ਦੌਰਾਨ ਮੇਅਰ ਨੇ ਕਿਹਾ ਕਿ ਨਗਰ ਨਿਗਮ ਤੇ ਰੰਗਲਾ ਵਿਹੜਾ ਦੀਆਂ 16 ਪਾਰਕਿੰਗਾਂ ਦਾ ਠੇਕਾ ਘੱਟ ਰੇਟ ’ਤੇ ਦੇਣ ਲਈ ਛੇਤੀ ਟੈਂਡਰ ਮੰਗੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪਾਰਕਿੰਗਾਂ ਦਾ ਠੇਕਾ ਨਾ ਹੋਣ ਤੇ ਨਾਜਾਇਜ਼ ਤੌਰ ’ਤੇ ਪਾਰਕਿੰਗਾਂ ਚਲਾ ਕੇ ਲੋਕਾਂ ਤੋਂ ਗ਼ਲਤ ਤਰੀਕੇ ਨਾਲ ਵਸੂਲੀ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਹੁਣ ਛੇਤੀ ਪਾਰਕਿੰਗਾਂ ਠੇਕੇ ’ਤੇ ਦੇਣ ਲਈ ਟੈਂਡਰ ਮੰਗੇ ਜਾ ਰਹੇ ਹਨ।