ਨਗਰ ਨਿਗਮ ਯੂਨੀਅਨਾਂ ਨੇ ਦਿੱਤੀ ਹੜਤਾਲ ਦੀ ਚਿਤਾਵਨੀ
ਰੋਸਟਰ ਸਿਸਟਮ ਖਤਮ ਨਾ ਕੀਤਾ ਤਾਂ ਨਿਗਮ ਯੂਨੀਅਨਾਂ ਨੇ ਦਿੱਤੀ ਹੜਤਾਲ ਦੀ ਚਿਤਾਵਨੀ
Publish Date: Thu, 12 Feb 2026 07:01 PM (IST)
Updated Date: Thu, 12 Feb 2026 07:03 PM (IST)
-ਮਾਮਲਾ 1196 ਮੁਲਾਜ਼ਮਾਂ ਦੀ ਭਰਤੀ ਦਾ, ਰੋਸਟਰ ਸਿਸਟਮ ਖਤਮ ਕਰਨ ਦੀ ਰੱਖੀ ਸ਼ਰਤ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਇਕ ਸਾਂਝੀ ਮੀਟਿੰਗ ਕਰਕੇ ਨਗਰ ਨਿਗਮ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮੁਲਾਜ਼ਮਾਂ ਦੀ ਨਵੀਂ ਭਰਤੀ ਨੂੰ ਲੈ ਕੇ ਰੋਸਟਰ ਸਿਸਟਮ ਨੂੰ ਖਤਮ ਨਾ ਕੀਤਾ ਤਾਂ ਕਿਸੇ ਵੀ ਸਮੇਂ ਹੜਤਾਲ ਹੋ ਸਕਦੀ ਹੈ। ਇਸ ਸਬੰਧੀ ਵੀਰਵਾਰ ਨੂੰ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਦੀ ਇਕ ਮੀਟਿੰਗ ਹੋਈ। ਇਸ ’ਚ ਨਗਰ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਨ ਦੌਰਾਨ ਰੋਸਟਰ ਸਿਸਟਮ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਪਰ ਜਦੋਂ ਰੋਸਟਰ ਸਿਸਟਮ ਖਤਮ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਜਿਸ ਦੇ ਬਾਅਦ ਯੂਨੀਅਨ ਆਗੂ ਸੰਨੀ ਸਹੋਤਾ ਨੇ ਕਿਹਾ ਹੈ ਕਿ ਜੇ 1196 ਮੁਲਾਜ਼ਮਾਂ ਦੀ ਨਵੀਂ ਭਰਤੀ ਨੂੰ ਲੈ ਕੇ ਜਿਹੜੀ ਰੋਸਟਰ ਸਿਸਟਮ ਦੀ ਸ਼ਰਤ ਰੱਖੀ ਗਈ ਹੈ, ਉਸ ਨੂੰ ਹਟਾਉਣ ਮੰਗ ਕਮਿਸ਼ਨਰ ਤੋਂ ਕੀਤੀ ਗਈ ਸੀ ਪਰ ਉਕਤ ਸਿਸਟਮ ਨੂੰ ਅਜੇ ਤਕ ਨਹੀਂ ਹਟਾਇਆ ਗਿਆ, ਇਸ ਕਾਰਨ ਯੂਨੀਅਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਜੈਅੰਤੀ ਮਗਰੋਂ ਨਗਰ ਨਿਗਮ ਦੀਆਂ ਸਭ ਯੂਨੀਅਨਾਂ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੀਆਂ, ਜਿਸ ਕਾਰਨ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ’ਤੇ ਹੋਵੇਗੀ। ਇਸ ਤੋਂ ਇਲਾਵਾ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਨੋਦ ਗਿੱਲ ਤੇ ਅਸ਼ੋਕ ਭੀਲ ਨੇ ਵੀ ਰੋਸਟਰ ਸਿਸਟਮ ਨੂੰ ਹਟਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਜੇ ਉਕਤ ਸਿਸਟਮ ਨਹੀ ਹਟਾਇਆ ਜਾਂਦਾ ਤਾਂ ਫਿਰ ਯੂਨੀਅਨਾਂ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਗੀਆਂ।
------------------------
ਸੀਵਰਮੈਨਾਂ ਨੂੰ ਤਨਖਾਹ ਨੂੰ ਤਰਸੇ
ਇਸ ਦੌਰਾਨ ਨਗਰ ਨਿਗਮ ਵੱਲੋਂ ਅਸਥਾਈ ਤੌਰ ’ਤੇ ਰੱਖੇ ਗਏ 370 ਸੀਵਰਮੈਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਨਿਗਮ ਯੂਨੀਅਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਥੇ ਜਾਰੀ ਇਕ ਪ੍ਰੈੱਸ ਨੋਟ ’ਚ ਕਿਹਾ ਹੈ ਕਿ ਇਸ ਸਬੰਧੀ ਨਿਗਮ ਦੀਆਂ ਯੂਨੀਅਨਾਂ ਨੇ ਪ੍ਰਧਾਨ ਪਵਨ ਬਾਬਾ ਦੀ ਅਗਵਾਈ ’ਚ ਕਮਿਸ਼ਨਰ ਨਾਲ ਮਿਲ ਕੇ ਮੰਗ ਕੀਤੀ ਸੀ ਕਿ ਕੱਚੇ ਸੀਵਰਮੈਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਜਿਸ ਕਾਰਨ ਕਰਮਚਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੀਵਪਰਮੈਨਾਂ ਨੂੰ ਤਨਖਾਹ ਨਾ ਮਿਲੀ ਤਾਂ ਕੱਲ੍ਹ ਤੋਂ ਸਾਰੇ ਜ਼ੋਨਾਂ ’ਚ ਸੀਵਰਮੈਨ ਵਿਖਾਵਾ ਕਰਕੇ ਆਪਣਾ ਰੋਸ ਪਰਗਟ ਕਰਨਗੇ।