- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਮੁੱਖ

ਜਾਸ, ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ, ਨਗਰ ਨਿਗਮ ਦੇ ਸਾਰੇ ਅਧਿਕਾਰੀ ਸੋਮਵਾਰ ਤੋਂ ਫੀਲਡ 'ਚ ਡਟੇ ਰਹੇ। ਸ਼ਹਿਰ ਨੂੰ 11 ਜ਼ੋਨ ਵਿਚ ਵੰਡ ਕੇ ਜਿਨ੍ਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਡਿਊਟੀ 'ਤੇ ਰਹੇ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਸਵੇਰੇ ਨਿਰੀਖਣ ਸ਼ੁਰੂ ਕੀਤਾ, ਜਦਕਿ ਲੋਕਲ ਬਾਡੀ ਮੰਤਰੀ ਹਰਜੋਤ ਬੈਂਸ ਨੇ ਵੀਡੀਓ ਕਾਲ ਰਾਹੀਂ ਕਮਿਸ਼ਨਰ ਨੂੰ ਪਹਿਲੇ ਦਿਨ ਦੀ ਸਥਿਤੀ ਬਾਰੇ ਜਾਣਕਾਰੀ ਲਈ। ਸੀਐੱਮ ਦਾ ਹੁਕਮ ਹੈ ਕਿ ਸਾਰੇ ਅਧਿਕਾਰੀ ਸਵੇਰੇ 7 ਵਜੇ ਤੋਂ 8 ਵਜੇ ਤੱਕ ਫੀਲਡ 'ਚ ਰਹਿਣਗੇ ਤੇ ਸਫਾਈ ਦੇ ਨਾਲ-ਨਾਲ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਸਮੇਤ ਹੋਰ ਸੁਵਿਧਾਵਾਂ ’ਚ ਸੁਧਾਰ ਕਰਨਗੇ।
ਨਗਰ ਨਿਗਮ ਦੇ ਕਮਿਸ਼ਨਰ ਨੇ ਸਵੇਰੇ 7 ਵਜੇ ਸਾਰੇ ਸੁਪਰਵਾਈਜ਼ਰ, ਸਫਾਈ ਮੁਲਾਜ਼ਮ ਅਤੇ ਸੈਨੇਟਰੀ ਇੰਸਪੈਕਟਰਾਂ ਦੀ ਹਾਜ਼ਰੀ ਚੈੱਕ ਕੀਤੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੇਂ ਨਗਰ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਵੀਡੀਓ ਕਾਲ 'ਤੇ ਸ਼ਹਿਰ ਵਿਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਤੇ ਵੱਖ-ਵੱਖ ਇਲਾਕਿਆਂ ਵਿਚ ਚੱਲ ਰਹੇ ਕੰਮ ਬਾਰੇ ਰਿਪੋਰਟ ਲਈ। ਮੰਤਰੀ ਨੇ ਕਈ ਹੋਰ ਅਧਿਕਾਰੀਆਂ ਨੂੰ ਵੀ ਆਡੀਓ ਕਾਲ ਕਰ ਕੇ ਕੰਮ ਦੀ ਸਮੀਖਿਆ ਕੀਤੀ। ਸਬੰਧਤ ਵਿਭਾਗ ਨੇ ਇਕ ਆਟੋ ਕਾਲ ਸਿਸਟਮ ਵੀ ਸ਼ੁਰੂ ਕੀਤਾ ਹੈ, ਜਿਸ ਰਾਹੀਂ ਅਧਿਕਾਰੀਆਂ ਨੂੰ ਮੌਨਸੂਨ ਤੋਂ ਪਹਿਲਾਂ ਸ਼ਹਿਰ ਵਿਚ ਸਫਾਈ ਪ੍ਰਬੰਧ, ਸੀਵਰੇਜ ਸਿਸਟਮ ਤੇ ਸੜਕਾਂ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਹੈ।
ਇਸ ਦੌਰਾਨ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਸੋਮਵਾਰ ਨੂੰ ਮਾਨੀਟਰਿੰਗ ਦਾ ਪਹਿਲਾ ਦਿਨ ਸੀ ਅਤੇ ਸਾਰੇ 11 ਜ਼ੋਨ ਵਿਚ ਅਧਿਕਾਰੀ ਫੀਲਡ 'ਚ ਰਹੇ ਪਰ ਕੁਝ ਸੈਨੇਟਰੀ ਇੰਸਪੈਕਟਰ, ਸੁਪਰਵਾਈਜ਼ਰ ਤੇ ਸਫਾਈ ਮੁਲਾਜ਼ਮ ਗੈਰ-ਹਾਜ਼ਰ ਰਹੇ। ਇਨ੍ਹਾਂ ਸਾਰੇ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਗੈਰ ਹਾਜ਼ਰ ਨਾ ਰਹੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਸੜਕਾਂ ਟੁੱਟੀਆਂ ਹਨ ਜਾਂ ਮੈਨਹੋਲ ਦੇ ਢੱਕਣ ਖਰਾਬ ਹਨ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇ। ਸਟ੍ਰੀਟ ਲਾਈਟਾਂ ਖਰਾਬ ਹੋਣ ਦੀ ਸੂਚਨਾ ਮਿਲਦਿਆਂ ਫੌਰਨ ਠੀਕ ਕੀਤਾ ਜਾਵੇਗਾ। ਮੌਨਸੂਨ ਤੋਂ ਪਹਿਲਾਂ ਸਾਰੇ ਨਾਲਿਆਂ ਦੀ ਸਫਾਈ ਤੇ ਪਾਣੀ ਭਰਨ ਵਾਲੇ ਪੁਆਇੰਟਾਂ ਨੂੰ ਦਰੁਸਤ ਕਰਨ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਐੱਮ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਖ਼ੁਦ ਫੀਲਡ ’ਚ ਜਾ ਕੇ ਦੀ ਮਾਨੀਟਰਿੰਗ ਕਰ ਰਹੇ ਹਨ। ਵੀਡੀਓ ਕਾਲ ਰਾਹੀਂ ਸਥਾਨ ਟ੍ਰੈਕ ਹੋਣ ਕਾਰਨ ਹੁਣ ਕੋਈ ਵੀ ਅਧਿਕਾਰੀ-ਮੁਲਾਜ਼ਮ ਲਾਪਰਵਾਹੀ ਨਹੀਂ ਕਰ ਸਕੇਗਾ। ਇਸ ਸਖਤੀ ਨਾਲ ਸ਼ਹਿਰ ਵਾਸੀਆਂ ਨੂੰ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ।
ਪਹਿਲੇ ਦਿਨ ਮਿਲੀਆਂ ਕਈ ਖਾਮੀਆਂ, ਚਿਤਾਵਨੀ ਦੇ ਕੇ ਛੱਡਿਆ
ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸੋਮਵਾਰ ਮਾਨੀਟਰਿੰਗ ਦਾ ਪਹਿਲਾ ਦਿਨ ਸੀ। ਸਾਰੇ 11 ਜ਼ੋਨ ਦੇ ਅਧਿਕਾਰੀ ਫੀਲਡ 'ਚ ਰਹੇ ਅਤੇ ਕੰਮ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਕਈ ਸੈਨਿਟਰੀ ਇੰਸਪੈਕਟਰ, ਸੁਪਰਵਾਈਜ਼ਰ ਅਤੇ ਸਫਾਈ ਮੁਲਾਜ਼ਮ ਗੈਰ-ਹਾਜ਼ਰ ਮਿਲੇ। ਇਨ੍ਹਾਂ ਸਾਰੇ ਨੂੰ ਸਖਤ ਚਿਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਬਿਨਾਂ ਛੁੱਟੀ ਦੇ ਗੈਰ ਹਾਜ਼ਰ ਨਾ ਰਹੇ। ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਨੂੰ ਜ਼ਰੂਰੀ ਕੰਮ ਹੈ ਤਾਂ ਉਹ ਪਹਿਲਾਂ ਛੁੱਟੀ ਲੈ ਕੇ ਜਾਵੇ। ਬਿਨਾਂ ਸੂਚਨਾ ਦੇ ਗੈਰ-ਹਾਜ਼ਰ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ। ਪਹਿਲੇ ਦਿਨ ਸਿਰਫ ਚਿਤਾਵਨੀ ਦੇ ਕੇ ਛੱਡਿਆ ਜਾ ਰਿਹਾ ਹੈ ਪਰ ਅੱਗੇ ਤੋਂ ਗੈਰ-ਹਾਜ਼ਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। ਕਮਿਸ਼ਨਰ ਨੇ ਕਿਹਾ ਕਿ ਰੋਜ਼ਾਨਾ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਾਰਡਾਂ ਦੇ ਪੁਨਰਗਠਨ ਨਾਲ ਕਈ ਸਫਾਈ ਮੁਲਾਜ਼ਮਾਂ ਨੂੰ ਵੀ ਮੁਸ਼ਕਲ ਆ ਰਹੀ ਹੈ ਅਤੇ ਜਲਦ ਹੀ ਨਵੇਂ ਵਾਰਡਾਂ ਮੁਤਾਬਕ ਡਿਊਟੀ ਲਾਈ ਜਾਵੇਗੀ। ਕਮਿਸ਼ਨਰ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ’ਚ ਪੂਰਾ ਸਿਸਟਮ ਲੀਹ 'ਤੇ ਆ ਜਾਵੇਗਾ।