ਨਾਜਾਇਜ਼ ਤੌਰ ’ਤੇ ਦਰੱਖ਼ਤ ਕੱਟਣ ’ਤੇ ਨਿਗਮ ਵੱਲੋਂ ਨੋਟਿਸ ਜਾਰੀ
ਨਾਜਾਇਜ ਤੌਰ ’ਤੇ ਦਰੱਖ਼ਤ ਕੱਟਣ ’ਤੇ ਨਿਗਮ ਵੱਲੋਂ ਨੋਟਿਸ ਜਾਰੀ
Publish Date: Sat, 07 Feb 2026 10:24 PM (IST)
Updated Date: Sat, 07 Feb 2026 10:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜੀਟੀਬੀ ਨਗਰ ਤੇ ਮਾਡਲ ਟਾਊਨ ਦੇ ਰੇਨਬੋ ਰੋਡ ’ਤੇ ਸਥਿਤ ਇਕ ਨਿਰਮਾਣ ਅਧੀਨ ਇਮਾਰਤ ’ਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਰੱਖ਼ਤ ਕੱਟੇ ਜਾਣ ਦੀ ਰਿਪੋਰਟ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਸਬੰਧਤ ਧਿਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀਆਂ ਅਨੁਸਾਰ, ਨੋਟਿਸ ਨਿੱਜੀ ਤੌਰ ’ਤੇ ਸੌਂਪਿਆ ਗਿਆ, ਜਦਕਿ ਇਸ ਦੀ ਇਕ ਕਾਪੀ ਰੇਨਬੋ ਰੋਡ ’ਤੇ ਨਿਰਮਾਣ ਸਾਈਟ ’ਤੇ ਵੀ ਚਿਪਕਾ ਦਿੱਤੀ ਗਈ। ਇਹ ਕਾਰਵਾਈ ਸ਼ਹਿਰ ਦੇ ਵਾਤਾਵਰਨ ਪ੍ਰੇਮੀ ਤੇਜਸਵੀ ਮਿਨਹਾਸ ਵੱਲੋਂ ਦੋਵਾਂ ਥਾਵਾਂ ’ਤੇ ਦਰੱਖ਼ਤਾਂ ਦੀ ਬਿਨਾਂ ਮਨਜ਼ੂਰੀ ਕਟਾਈ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਦਰੱਖ਼ਤਾਂ ਦੀ ਗੈਰਕਾਨੂੰਨੀ ਕਟਾਈ ਤੇ ਛਾਂਗਣ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਏਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਸਰਗਰਮੀ ਲਈ ਪਹਿਲਾਂ ਨਗਰ ਨਿਗਮ ਤੋਂ ਮਨਜ਼ੂਰੀ ਲੈਣਾ ਲਾਜ਼ਮੀ ਹੈ ਤੇ ਉਲੰਘਣਾ ਕਰਨ ’ਤੇ ਕੜੀ ਕਾਰਵਾਈ ਕੀਤੀ ਜਾਵੇਗੀ, ਜਿਸ ’ਚ ਪਰਚਾ ਦਰਜ ਕਰਨਾ ਤੇ ਭਾਰੀ ਜੁਰਮਾਨਾ ਲਾਉਣਾ ਸ਼ਾਮਲ ਹੈ। ਸ਼ਿਕਾਇਤਕਰਤਾ ਤੇਜਸਵੀ ਮਿਨਹਾਸ ਨੇ ਵਾਤਾਵਰਨ ਸਾਂਭ-ਸੰਭਾਲ ਬਾਰੇ ਲੋਕਾਂ ’ਚ ਹੋਰ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਸਮੀ ਤਬਦੀਲੀ, ਖਰਾਬ ਹੋ ਰਹੀ ਹਵਾ ਦੀ ਗੁਣਵੱਤਾ ਤੇ ਵਾਤਾਵਰਨ ਨੂੰ ਪੈ ਰਹੇ ਨੁਕਸਾਨ ਨਾਲ ਨਜਿੱਠਣ ਲਈ ਮੌਜੂਦਾ ਦਰੱਖ਼ਤਾਂ ਦੀ ਰੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਸਾਂਭ-ਸੰਭਾਲ ਓਨੀ ਹੀ ਮਹੱਤਵਪੂਰਨ ਹੈ, ਜਿੰਨਾ ਕਿ ਨਵੇਂ ਦਰੱਖ਼ਤ ਲਾਉਣ ਦੇ ਯਤਨ।