ਨਗਰ ਨਿਗਮ ਦਾ ਮੁਲਾਜ਼ਮ ਹੈਰੋਇਨ ਸਮੇਤ ਕਾਬੂ
ਨਗਰ ਨਿਗਮ ਦਾ ਕਰਮਚਾਰੀ ਹੈਰੋਇਨ ਦੀ ਖੇਪ ਸਮੇਤ ਕਾਬੂ
Publish Date: Thu, 16 Apr 2026 09:32 PM (IST)
Updated Date: Thu, 16 Apr 2026 09:36 PM (IST)

-ਪੈਸਿਆਂ ਦੀ ਤੰਗੀ ਕਾਰਨ ਪੈ ਗਿਆ ਮਾੜੇ ਕੰਮਾਂ ’ਚ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕ੍ਰਾਈਮ ਬਰਾਂਚ ਦੀ ਟੀਮ ਨੇ ਨਗਰ ਨਿਗਮ ਦੇ ਮੁਲਾਜ਼ਮ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਵਡਾਲਾ ਚੌਕ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਆਈ 20 ਗੱਡੀ ਨੰਬਰ ਪੀਬੀ-09-ਏਜੇ-5037 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦ ਗੱਡੀ ’ਚ ਸਵਾਰ ਨੌਜਵਾਨ ਨੂੰ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਹਨੀ ਕਲਿਆਣ ਉਰਫ ਹਨੀ ਵਾਸੀ ਲਿੰਕ ਰੋਡ ਆਬਾਦਪੁਰਾ ਦੱਸਿਆ। ਜਦ ਪੁਲਿਸ ਪਾਰਟੀ ਨੇ ਉਸ ਦੀ ਕਾਰ ਦੇ ਡੈਸ਼ ਬੋਰਡ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਪੁਲਿਸ ਨੂੰ ਇਕ ਪਲਾਸਟਿਕ ਦੇ ਲਿਫਾਫੇ ’ਚੋਂ ਹੈਰੋਇਨ ਬਰਾਮਦ ਹੋਈ। ਜਿਸ ਦਾ ਵਜ਼ਨ 195 ਗ੍ਰਾਮ ਨਿਕਲਿਆ। ਇਸ ’ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਹਨੀ ਕਲਿਆਣ ਨਗਰ ਨਿਗਮ ’ਚ ਮੁਲਾਜ਼ਮ ਹੈ। ਉਹ ਪੈਸਿਆਂ ਦੀ ਤੰਗੀ ਕਾਰਨ ਨਸ਼ਾ ਤਸਕਰੀ ਵਰਗੇ ਮਾੜੇ ਕੰਮਾਂ ’ਚ ਪੈ ਗਿਆ ਤੇ ਨਸ਼ੇ ਦੀ ਸਪਲਾਈ ਕਰਨ ਲੱਗ ਪਿਆ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਨੀ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ ਨੰਬਰ ਦੋ, ਥਾਣਾ ਨੰਬਰ ਪੰਜ ਤੇ ਥਾਣਾ ਭਾਰਗੋ ਕੈਂਪ ’ਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮ ਖਿਲਾਫ ਥਾਣਾ ਭਾਰਗੋ ਕੈਂਪ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਨਸ਼ਾ ਤਸਕਰ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਰ ਵੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।