ਨਗਰ ਨਿਗਮ ਸੜਕ ’ਤੇ ਨਹੀਂ ਲਾਹ ਸਕਿਆ 17 ਨਵੀਆਂ ਗੱਡੀਆਂ
17 ਨਵੀਆਂ ਖੜੀਆਂ ਗੱਡੀਆਂ ਨਗਰ ਨਿਗਮ ਸੜਕ ’ਤੇ ਨਹੀਂ ਉਤਾਰ ਸਕਿਆ
Publish Date: Sat, 14 Mar 2026 07:44 PM (IST)
Updated Date: Sat, 14 Mar 2026 07:48 PM (IST)
-ਚੋਰੀ ਦੀ ਜਾਂਚ ਇਸਟੈਬਲਿਸ਼ਮੈਂਟ ਬ੍ਰਾਂਚ ਕਰ ਰਹੀ ਹੈ : ਮੇਅਰ
-ਠੇਕੇ ’ਤੇ ਚਾਲਕ ਰੱਖਣ ਲਈ ਲੱਗਣਗੇ ਟੈਂਡਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਲਗਭਗ 3 ਮਹੀਨੇ ਤੋਂ ਨਗਰ ਨਿਗਮ ਕੈਂਪਸ ’ਚ ਖੜ੍ਹੀਆਂ ਨਵੀਆਂ 17 ਗੱਡੀਆਂ ਨੂੰ ਨਗਰ ਨਿਗਮ ਸੜਕ ’ਤੇ ਨਹੀਂ ਉਤਾਰ ਸਕਿਆ। ਖਰੀਦੀ ਗਈ ਨਵੀ ਮਸ਼ੀਨਰੀ ਲਈ ਚਾਲਕਾਂ ਦੀ ਘਾਟ ਵੀ ਵੱਡਾ ਅੜਿੱਕਾ ਹੈ। ਖਰੀਦਦਾਰੀ ਮਗਰੋਂ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੁੰਦੀ ਹੈ ਪਰ ਲਗਭਗ 3 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਇਸ ਤਰ੍ਹਾਂ ਜਾਪਦਾ ਹੈ ਕਿ ਅਜੇ ਤਕ ਉਕਤ 17 ਨਵੀਆਂ ਗੱਡੀਆਂ ਦੀ ਨਾ ਤਾਂ ਆਰਸੀ ਬਣੀ ਹੈ ਤੇ ਨਾ ਹੀ ਉਨ੍ਹਾਂ ਨੂੰ ਚਲਾਉਣ ਲਈ ਚਾਲਕਾਂ ਨੂੰ ਰੱਖਿਆ ਜਾ ਸਕਿਆ ਹੈ। ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਨਾਲ ਸਾਰਾ ਕੰਮ ਹੀ ਠੱਪ ਹੋ ਕੇ ਰਹਿ ਗਿਆ ਹੈ। ਉਕਤ ਗੱਡੀਆਂ ਅਜੇ ਵੀ ਨਗਰ ਨਿਗਮ ਦੇ ਪ੍ਰਸ਼ਾਸਕੀ ਕੰਪਲੈਕਸ ਨਾਲ ਖਾਲ੍ਹੀ ਪਲਾਟ ’ਚ ਖੜ੍ਹੀਆਂ ਹਨ, ਜਿਨ੍ਹਾਂ ’ਤੇ ਮਿੱਟੀ ਜੰਮੀ ਹੋਈ ਹੈ ਤੇ ਉਨ੍ਹਾਂ ਦੀ ਸਫਾਈ ਆਦਿ ਵੀ ਨਹੀਂ ਹੋ ਰਹੀ ਹੈ।
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਜਿਹੜੀਆਂ ਛੋਟੀਆਂ ਚੋਪਹੀਆ ਗੱਡੀਆਂ ਨਗਰ ਨਿਗਮ ਕੈਂਪਸ ’ਚ ਖੜ੍ਹੀਆਂ ਹਨ, ਉਨ੍ਹਾਂ ਨੂੰ ਚਲਾਉਣ ਤੇ ਚਾਲਕ ਰੱਖਣ ਲਈ ਟੈਂਡਰ ਲਗਾਏ ਜਾ ਰਹੇ ਹਨ। ਜਦੋਂ ਟੈਂਡਰਾਂ ਰਾਹੀਂ ਠੇਕੇ ’ਤੇ ਨਵੇਂ ਚਾਲਕ ਆ ਜਾਣਗੇ ਤਾਂ ਫਿਰ ਉਕਤ ਗੱਡੀਆਂ ਸੜਕ ’ਤੇ ਦੌੜਨਗੀਆਂ।
------------------------
ਬੈਟਰੀਆਂ ਦੀ ਚੋਰੀ ਦੀ ਜਾਂਚ ਜਾਰੀ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਉਕਤ ਨਵੀਆਂ 17 ਗੱਡੀਆਂ ਦੀਆਂ ਚੋਰੀ ਹੋਈਆਂ ਬੈਟਰੀਆਂ ਦੀ ਜਾਂਚ ਜਾਰੀ ਹੈ ਤੇ ਇਸ ਦੀ ਜਾਂਚ ਇਸਟੈਬਲਿਸ਼ ਬਰਾਂਚ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਪ੍ਰਸ਼ਾਸਕੀ ਕੈਂਪਸ ’ਚ ਬਕਾਇਦਾ ਚੌਕੀਦਾਰ ਰਾਤ ਨੂੰ ਹੁੰਦਾ ਹੈ ਤੇ ਫਿਰ ਨਵੀਆਂ 17 ਗੱਡੀਆਂ ਦੀਆਂ ਬੈਟਰੀਆਂ ਇਕੋ ਹੀ ਰਾਤ ’ਚ ਕਿਵੇਂ ਚੋਰੀ ਹੋ ਗਈਆਂ? ਮੇਅਰ ਨੇ ਕਿਹਾ ਹੈ ਕਿ ਬੈਟਰੀਆਂ ਚੋਰੀ ਹੋਣ ਦੀ ਐੱਫਆਈਆਰ ਦਰਜ ਕਰਵਾਈ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ।