ਬਰਲਟਨ ਪਾਰਕ ’ਚ ਮਲਟੀਪਰਪਜ਼ ਸਟੇਡੀਅਮ ਦਾ ਕੰਮ 40 ਫ਼ੀਸਦੀ ਮੁਕੰਮਲ
ਬਰਲਟਨ ਪਾਰਕ ’ਚ ਮਲਟੀਪਰਪਜ਼ ਸਟੇਡੀਅਮ ਦਾ ਕੰਮ 40 ਫੀਸਦੀ ਮੁਕੰਮਲ, ਜੂਨ ਤੱਕ ਤਿਆਰ ਕਰਨ ਦਾ ਟਾਰਗੇਟ
Publish Date: Wed, 11 Mar 2026 10:51 PM (IST)
Updated Date: Wed, 11 Mar 2026 10:54 PM (IST)

-ਵਿਧਾਨ ਸਭਾ ’ਚ ਵਿਧਾਇਕ ਬਾਵਾ ਹੈਨਰੀ ਦੇ ਸਵਾਲ ’ਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਦਿੱਤਾ ਜਵਾਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਰਲਟਨ ਪਾਰਕ ’ਚ ਬਣ ਰਹੇ ਮਲਟੀਪਰਪਜ਼ ਸਟੇਡੀਅਮ ਦਾ ਕੰਮ ਹੁਣ ਤੱਕ ਕਰੀਬ 40 ਫੀਸਦੀ ਮੁਕੰਮਲ ਹੋ ਚੁੱਕਾ ਹੈ। ਸਟੇਡੀਅਮ ਨੂੰ ਜੂਨ ਤੱਕ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਪ੍ਰੋਜੈਕਟ 5 ਜਨਵਰੀ 2023 ਤੱਕ ਪੂਰਾ ਹੋਣਾ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜੂਨ 2025 ’ਚ ਇਸ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਠੇਕੇਦਾਰ ਨੂੰ 10 ਜੂਨ 2026 ਤੱਕ ਕੰਮ ਪੂਰਾ ਕਰਨ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ’ਚ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਜਲੰਧਰ ਨਾਰਥ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਦੇ ਸਵਾਲ ਦੇ ਜਵਾਬ ’ਚ ਦਿੱਤੀ। ਬਾਵਾ ਹੈਨਰੀ ਨੇ ਸਦਨ ’ਚ ਮਲਟੀਪਰਪਜ਼ ਸਟੇਡੀਅਮ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮੰਗੀ ਸੀ ਤੇ ਪੁੱਛਿਆ ਸੀ ਕਿ ਇਹ ਪ੍ਰੋਜੈਕਟ ਕਿੰਨੇ ਸਮੇਂ ਤੋਂ ਲੰਬਿਤ ਹੈ ਤੇ ਕਦੋਂ ਤੱਕ ਪੂਰਾ ਹੋਣ ਦੀ ਉਮੀਦ ਹੈ। ਸੰਜੀਵ ਅਰੋੜਾ ਨੇ ਦੱਸਿਆ ਕਿ ਕਾਨੂੰਨੀ ਕਾਰਨਾਂ ਕਰਕੇ ਇਸ ਪ੍ਰੋਜੈਕਟ ਨੂੰ ਦੋ ਸਾਲ ਤੋਂ ਵੱਧ ਸਮੇਂ ਲਈ ਅੱਗੇ ਵਧਾਉਣਾ ਪਿਆ ਤੇ ਠੇਕੇਦਾਰ ਨੂੰ ਕੰਮ ਪੂਰਾ ਕਰਨ ਲਈ ਵਾਧੂ ਸਮਾਂ ਦਿੱਤਾ ਗਿਆ। ਪ੍ਰੋਜੈਕਟ ’ਚ ਦੇਰੀ ਦੇ ਮੱਦੇਨਜ਼ਰ ਸਮਾਰਟ ਸਿਟੀ ਕੰਪਨੀ ਵੱਲੋਂ ਠੇਕੇਦਾਰ ਦੀ 3.88 ਕਰੋੜ ਰੁਪਏ ਦੀ ਬੈਂਕ ਗਾਰੰਟੀ ਕੈਸ਼ ਕਰਵਾ ਲਈ ਗਈ ਹੈ। ਜਲੰਧਰ ਨਾਰਥ ਤੋਂ ਵਿਧਾਇਕ ਬਾਵਾ ਹੈਨਰੀ ਨੇ ਇਹ ਵੀ ਪੁੱਛਿਆ ਸੀ ਕਿ ਕੀ ਬਰਲਟਨ ਪਾਰਕ ’ਚ ਸਪੋਰਟਸ ਕੰਪਲੈਕਸ ਬਣਾਉਣ ਦਾ ਕੰਮ ਜਾਰੀ ਹੈ, ਇਸ ਦਾ ਮਕਸਦ ਕੀ ਹੈ ਤੇ ਇਸ ’ਤੇ ਕਿੰਨਾ ਖਰਚਾ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਂਡਰ ਤੇ ਵਰਕ ਆਰਡਰ ਜਾਰੀ ਕਰਨ ਦੀਆਂ ਤਰੀਖਾਂ ਬਾਰੇ ਵੀ ਜਾਣਕਾਰੀ ਮੰਗੀ ਸੀ। ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਮਲਟੀਪਰਪਜ਼ ਸਟੇਡੀਅਮ ਦਾ ਨਿਰਮਾਣ ਜਲੰਧਰ ਸਮਾਰਟ ਸਿਟੀ ਕੰਪਨੀ ਦੀ ਗ੍ਰਾਂਟ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਖਿਡਾਰੀਆਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਤੇ ਲੋਕਾਂ ’ਚ ਖੇਡਾਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਪ੍ਰੋਜੈਕਟ ’ਤੇ ਲਗਭਗ 77.77 ਕਰੋੜ ਰੁਪਏ ਦੀ ਲਾਗਤ ਆਏਗੀ। ਮੰਤਰੀ ਨੇ ਦੱਸਿਆ ਕਿ ਇਸ ਦਾ ਟੈਂਡਰ 9 ਅਗਸਤ 2021 ਨੂੰ ਜਾਰੀ ਕੀਤਾ ਗਿਆ ਸੀ ਤੇ ਵਰਕ ਆਰਡਰ 6 ਜਨਵਰੀ 2022 ਨੂੰ ਦਿੱਤਾ ਗਿਆ। ਇਹ ਕੰਮ ਏਐੱਸ ਇੰਟਰਪ੍ਰਾਈਜ਼ਜ਼ ਵੱਲੋਂ ਕੀਤਾ ਜਾ ਰਿਹਾ ਹੈ। ਪਹਿਲਾਂ ਪ੍ਰੋਜੈਕਟ ਨੂੰ 5 ਜਨਵਰੀ 2023 ਤੱਕ ਪੂਰਾ ਕਰਨਾ ਸੀ ਪਰ ਹੁਣ ਇਸ ਦੀ ਨਵੀਂ ਮਿਆਦ 10 ਜੂਨ ਤੱਕ ਨਿਰਧਾਰਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਲਟਨ ਪਾਰਕ ’ਚ ਸਪੋਰਟਸ ਹੱਬ ਬਣਾਉਣ ਦੀ ਯੋਜਨਾ ਸਾਲ 2011 ’ਚ ਬਣਾਈ ਗਈ ਸੀ ਪਰ ਵਿੱਤੀ ਕਾਰਨਾਂ ਕਰਕੇ ਇਹ ਪ੍ਰੋਜੈਕਟ ਰੁਕ ਗਿਆ ਸੀ। ਬਾਅਦ ’ਚ ਸਾਲ 2015 ’ਚ ਇਸ ਨੂੰ ਸਮਾਰਟ ਸਿਟੀ ਮਿਸ਼ਨ ’ਚ ਸ਼ਾਮਲ ਕੀਤਾ ਗਿਆ। ਮਲਟੀਪਰਪਜ਼ ਸਟੇਡੀਅਮ ਦਾ ਕੰਮ ਜਨਵਰੀ 2022 ’ਚ ਅਲਾਟ ਹੋ ਗਿਆ ਸੀ ਪਰ ਠੇਕੇਦਾਰ ਕੰਪਨੀ ਨੇ ਕੰਮ ਸ਼ੁਰੂ ਨਹੀਂ ਕੀਤਾ। ਪਹਿਲਾਂ ਦਿੱਤਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ, ਪਰ ਬਾਅਦ ’ਚ ਮੁੜ ਉਸੇ ਠੇਕੇਦਾਰ ਨਾਲ ਕੰਮ ਕਰਨ ’ਤੇ ਸਹਿਮਤੀ ਬਣ ਗਈ। ਠੇਕੇਦਾਰ ਨੂੰ ਦੁਬਾਰਾ ਕੰਮ ਦੇਣ ’ਚ ਕਈ ਕਾਨੂੰਨੀ ਅੜਚਣਾਂ ਆਈਆਂ ਜਿਨ੍ਹਾਂ ਨੂੰ ਦੂਰ ਕਰਨ ਵਿੱਚ ਕਰੀਬ ਇੱਕ ਸਾਲ ਲੱਗ ਗਿਆ। ----------------------------- ਮਲਟੀਪਰਪਜ਼ ਸਟੇਡੀਅਮ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਐਸਟਰੋ ਟਰਫ ਹਾਕੀ ਸਟੇਡੀਅਮ ਪਵੇਲਿਅਨ ਸਮੇਤ 80 ਫੀਸਦੀ ਕੰਮ ਮੁਕੰਮਲ। ਸਟਰਕਚਰ ਤੇ ਗ੍ਰਾਊਂਡ ਦਾ ਬੇਸਵਰਕ ਪੂਰਾ, ਪਲਾਸਟਰ ਦਾ ਕੰਮ ਜਾਰੀ। ਸ਼ਾਪਿੰਗ ਕੰਪਲੈਕਸ 80 ਫੀਸਦੀ ਤੱਕ ਤਿਆਰ, ਸਲੈਬ ਦਾ ਕੰਮ ਮੁਕੰਮਲ। ਸਕੇਟਿੰਗ ਰਿੰਗ 80 ਫੀਸਦੀ ਤਿਆਰ, ਸਟੋਨ ਪਿਚਿੰਗ ਹੋ ਚੁੱਕੀ ਹੈ। ਬਾਊਂਡਰੀ ਵਾਲ 80 ਫੀਸਦੀ ਤੱਕ ਤਿਆਰ। ਮਲਟੀਪਰਪਜ਼ ਇੰਡੋਰ ਸਟੇਡੀਅਮ-1 (ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ) 50 ਫੀਸਦੀ ਤਿਆਰ, ਆਰਸੀਸੀ ਸਟਰਕਚਰ ਮੁਕੰਮਲ। ਮਲਟੀਪਰਪਜ਼ ਸਟੇਡੀਅਮ-2 (ਕਬੱਡੀ) 40 ਫੀਸਦੀ ਤੱਕ ਤਿਆਰ, ਸਲੈਬ ਲੈਵਲ ਤੱਕ ਕੰਮ। ਕ੍ਰਿਕਟ ਸਟੇਡੀਅਮ ਪਵੇਲਿਅਨ ਸਮੇਤ 25 ਫੀਸਦੀ ਕੰਮ ਮੁਕੰਮਲ। ਮਲਟੀਪਰਪਜ਼ ਸਟੇਡੀਅਮ-3 (ਜੂਡੋ ਤੇ ਵਜ਼ਨ ਉਠਾਉਣ) 20 ਫੀਸਦੀ ਕੰਮ, ਫਾਊਂਡੇਸ਼ਨ ਪੂਰਾ। ਯੋਗਾ ਸ਼ੈਡ 10 ਫੀਸਦੀ ਤਿਆਰ, ਫਾਊਂਡੇਸ਼ਨ ਲੈਵਲ। ਪਾਰਕਿੰਗ ਲਾਟ 10 ਫੀਸਦੀ ਤੱਕ ਤਿਆਰ, ਫਾਊਂਡੇਸ਼ਨ ਲੈਵਲ। ਫੁੱਟਬਾਲ ਗ੍ਰਾਊਂਡ ਲਈ ਸਾਈਟ ਤਿਆਰ ਕੀਤੀ ਜਾ ਰਹੀ ਹੈ। ਲੈਂਡਸਕੇਪਿੰਗ ਤੇ ਬਾਹਰੀ ਵਿਕਾਸ ਦੇ ਕੰਮ 5 ਫੀਸਦੀ ਤੱਕ ਹੋਏ ਹਨ।