‘ਮੁੱਖ ਮੰਤਰੀ ਸਿਹਤ ਯੋਜਨਾ’ ਸਿਹਤ ਸੁਰੱਖਿਆ ਦਾ ਵੱਡਾ ਕਦਮ : ਕੋਹਲੀ
‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬਾ ਵਾਸੀਆ ਲਈ ਸਿਹਤ ਸੁਰੱਖਿਆ ਦਾ ਵੱਡਾ ਕਦਮ : ਕੋਹਲੀ
Publish Date: Fri, 09 Jan 2026 08:31 PM (IST)
Updated Date: Fri, 09 Jan 2026 08:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ਨਵੀਂ ਸਿਹਤ ਯੋਜਨਾ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਲਗਭਗ 65 ਲੱਖ ਪਰਿਵਾਰਾਂ ਲਈ ਸਿਹਤ ਸੁਰੱਖਿਆ ਦਾ ਵੱਡਾ ਕਦਮ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਮਿਲੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਸਿਹਤ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਨੇ ਲੋਕਾਂ ਦੇ ਹਿਤ ਨੂੰ ਧਿਆਨ ਵਿਚ ਰੱਖ ਕੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਦਾ ਲਾਭ ਹਰ ਪਰਿਵਾਰ ਨੂੰ ਮਿਲੇਗਾ ਅਤੇ ਇਸ ਲਈ ਸਿਰਫ਼ ਆਧਾਰ ਕਾਰਡ ਜਾਂ ਵੋਟਰ ਆਈਡੀ ਵਰਗੀ ਪਛਾਣ ਜ਼ਰੂਰੀ ਹੋਵੇਗੀ।
ਕੋਹਲੀ ਨੇ ਕਿਹਾ ਕਿ ਅੱਜਕੱਲ੍ਹ ਗੰਭੀਰ ਬਿਮਾਰੀ, ਸਰਜਰੀ ਜਾਂ ਐਮਰਜੈਂਸੀ ਇਲਾਜ ਦਾ ਖਰਚ ਹਰ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਹੈ। ਕਈ ਪਰਿਵਾਰ ਇਲਾਜ ਦੇ ਵੱਡੇ ਖਰਚ ਕਾਰਨ ਕਰਜ਼ੇ ’ਚ ਫਸ ਜਾਂਦੇ ਹਨ। ਅਜਿਹੇ ਸਮੇਂ ਵਿਚ ਇਹ ਯੋਜਨਾ ਗਰੀਬ ਤੇ ਮਧਮ ਵਰਗ ਦੇ ਪਰਿਵਾਰਾਂ ਲਈ ਰਾਹਤ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ ਇਲਾਜ ਦੀ ਸਹੂਲਤ ਨਹੀਂ ਦਿੰਦੀ, ਸਗੋਂ ਲੋਕਾਂ ਨੂੰ ਸਨਮਾਨਯੋਗ ਜੀਵਨ ਜੀਣ ਦਾ ਅਧਿਕਾਰ ਵੀ ਦਿੰਦੀ ਹੈ। ਕੋਹਲੀ ਨੇ ਕਿਹਾ ਕਿ ਇਹ ਕਦਮ ਸਾਫ਼ ਸੁਨੇਹਾ ਦਿੰਦਾ ਹੈ ਕਿ ਪੰਜਾਬ ਸਰਕਾਰ ਸਿਹਤ ਨੂੰ ਤਰਜੀਹ ਦਿੰਦੀ ਹੈ ਤੇ ਨਾਗਰਿਕਾਂ ਦੇ ਖਰਚ ਨੂੰ ਘਟਾਉਣ ਲਈ ਠੋਸ ਕਦਮ ਉਠਾ ਰਹੀ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਹਮੇਸ਼ਾ ਲੋਕਾਂ ਦੇ ਹਿਤ ਵਿਚ ਰਹੀ ਹੈ ਤੇ ਇਹ ਯੋਜਨਾ ਇਸ ਦਾ ਸਬੂਤ ਹੈ। ਇਹ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ ਤੇ ਸਮਾਜ ਵਿੱਚ ਹਾਂਪੱਖੀ ਬਦਲਾਅ ਲਿਆਵੇਗੀ। ਕੋਹਲੀ ਨੇ ਅੰਤ ’ਚ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਲੋਕ-ਹਿੱਤ, ਸਮਾਜਿਕ ਸੁਰੱਖਿਆ ਤੇ ਸਮਾਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ।