ਚੰਨੀ ਤੇ ਪਰਗਟ ਸਿੰਘ ਨੇ ਕਾਨੂੰਨ-ਵਿਵਸਥਾ ’ਤੇ ਪ੍ਰਗਟਾਈ ਚਿੰਤਾ
ਪੁਲਿਸ ਕਮਿਸ਼ਨਰ ਨਾਲ ਮਿਲੇ ਸੰਸਦ ਮੈਂਬਰ ਚੰਨੀ ਤੇ ਵਿਧਾਇਕ, ਕਾਨੂੰਨ-ਵਿਵਸਥਾ ’ਤੇ ਪ੍ਰਗਟਾਈ ਚਿੰਤਾ
Publish Date: Fri, 06 Feb 2026 10:09 PM (IST)
Updated Date: Fri, 06 Feb 2026 10:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਮਾਡਲ ਟਾਊਨ ’ਚ ਪ੍ਰਾਪਰਟੀ ਕਾਰੋਬਾਰੀ ਤੇ ਆਪ ਨੇਤਾ ਲੱਕੀ ਓਬਰਾਏ ਦੀ ਹੱਤਿਆ ਤੇ ਇਕ ਔਰਤ ਕੋਲੋਂ 19 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਕੇ ਸ਼ਹਿਰ ’ਚ ਵਿਗੜ ਰਹੀ ਕਾਨੂੰਨ-ਵਿਵਸਥਾ ਦਾ ਮਸਲਾ ਉਠਾਇਆ। ਚੰਨੀ ਨੇ ਕਿਹਾ ਕਿ ਸਾਰੇ ਪੰਜਾਬ ’ਚ ਹੀ ਕਾਨੂੰਨ-ਵਿਵਸਥਾ ਖਰਾਬ ਹੋਈ ਹੋਈ ਹੈ ਪਰ ਜਲੰਧਰ ’ਚ ਤਾਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਚੁੱਕੇ ਹਨ। ਕੋਈ ਵੀ ਵਿਅਕਤੀ ਕਿਸੇ ਵੀ ਥਾਂ ਸੁਰੱਖਿਅਤ ਨਹੀਂ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਸੁਖਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ, ਹਲਕਾ ਇੰਚਾਰਜ ਸੁਰਿੰਦਰ ਕੌਰ ਤੇ ਰਾਜਿੰਦਰ ਸਿੰਘ ਡਾ. ਨਵਜੋਤ ਦਹੀਆ ਦੇ ਨਾਲ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਚੰਨੀ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ’ਚ ਪੰਜਾਬ ’ਚ ਗੈਂਗਸਟਰ ਸੱਭਿਆਚਾਰ ਵਧ ਗਿਆ ਹੈ। ਨਸ਼ਿਆਂ ਦੀ ਵਿਕਰੀ ਵੀ ਵਧੀ ਹੈ। ਵਾਰਦਾਤਾਂ ਕਰਨ ਤੋਂ ਬਾਅਦ ਗੈਂਗਸਟਰ ਖੁਦ ਇਸ ਦੀ ਜ਼ਿੰਮੇਵਾਰੀ ਲੈ ਰਹੇ ਹਨ ਪਰ ਪੰਜਾਬ ਸਰਕਾਰ ਕੁਝ ਵੀ ਕਰਨ ’ਚ ਅਸਮਰੱਥ ਹੈ। ਡੀਜੀਪੀ ਵੱਲੋਂ ਸਰਹੱਦੋਂ ਪਾਰਹਥਿਆਰ ਆਉਣ ਕਾਰਨ ਵੱਧ ਰਹੀਆਂ ਅਪਰਾਧਕ ਸਰਗਰਮੀਆਂ ਬਾਰੇ ਦਿੱਤੇ ਬਿਆਨ ’ਤੇ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਜੇ ਸਰਕਾਰ ਨੂੰ ਇਹ ਸਭ ਪਤਾ ਹੈ ਤਾਂ ਇਸ ਨੂੰ ਰੋਕਿਆ ਕਿਉਂ ਨਹੀਂ ਜਾਂਦਾ। ਜਦੋਂ ਵਾਰਦਾਤ ਹੋ ਜਾਂਦੀ ਹੈ ਤਾਂ ਪੁਲਿਸ ਮੁਲਜ਼ਮਾਂ ਨੂੰ ਫੜ ਲੈਂਦੀ ਹੈ ਤਾਂ ਫਿਰ ਇਹ ਵਾਰਦਾਤਾਂ ਪਹਿਲਾਂ ਹੀ ਕਿਉਂ ਨਹੀਂ ਰੋਕੀਆਂ ਜਾਂਦੀਆਂ। ਕੀ ਸਰਕਾਰ ਦੀ ਇੰਟੈਲੀਜੈਂਸ ਨਾਕਾਮ ਹੋ ਗਈ ਹੈ। ਚੰਨੀ ਨੇ ਕਿਹਾ ਕਿ ਹੁਣ ਸੀਮਾ ਤੋਂ 50 ਕਿੱਲੋਮੀਟਰ ਤੱਕ ਬੀਐੱਸਐੱਫ ਦਾ ਕਾਰਵਾਈ ਖੇਤਰ ਹੈ, ਫਿਰ ਕੇਂਦਰ ਸਰਕਾਰ ਸਰਹੱਦੋਂ ਪਾਰ ਆ ਰਹੇ ਹਥਿਆਰਾਂ ਤੇ ਨਸ਼ੇ ਨੂੰ ਰੋਕਣ ’ਚ ਕਿਉਂ ਅਸਫਲ ਹੋ ਰਹੀ ਹੈ।