ਮੋਟਰਸਾਈਕਲ ਸਵਾਰਾਂ ਵੱਲੋਂ ਐੱਨਆਰਆਈ ਦੇ ਘਰ ’ਚ ਭੰਨ-ਤੋੜ
ਮੋਟਰਸਾਈਕਲ ਸਵਾਰਾਂ ਵੱਲੋਂ ਐੱਨਆਰਆਈ ਦੇ ਘਰ ’ਚ ਤੋੜਫੋੜ, ਪਰਿਵਾਰ ਨੇ ਪੰਜਾਬ ਆਉਣ ਤੋਂ ਕੀਤਾ ਇਨਕਾਰ
Publish Date: Wed, 11 Feb 2026 10:48 PM (IST)
Updated Date: Wed, 11 Feb 2026 10:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਾਇਆ ਦੇ ਬੜਾ ਪਿੰਡ ਦੇ ਇਕ ਐੱਨਆਰਆਈ ਪਰਿਵਾਰ ਨੇ ਪੰਜਾਬ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਤੇ ਉਨ੍ਹਾਂ ਦੇ ਘਰ ਦੀ ਦੇਖਭਾਲ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਕੁਲਵੰਤ ਸਿੰਘ ਕਾਂਤਾ ਸਹੋਤਾ, ਜੋ ਕਿ ਅਮਰੀਕਾ ਦੇ ਨਾਗਰਿਕ ਹਨ, ਦੇ ਘਰ ’ਤੇ ਹਾਲ ਹੀ ’ਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਭੰਨ-ਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਕੁਲਵੰਤ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਆਉਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ’ਤੇ ਹਮਲਾ ਕਰਕੇ ਦਹਿਸ਼ਤ ਫੈਲਾਈ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਵੀ ਉਨ੍ਹਾਂ ’ਤੇ ਹਮਲਾ ਹੋ ਚੁੱਕਾ ਹੈ। ਇਸ ਤਾਜ਼ਾ ਹਮਲੇ ਤੋਂ ਬਾਅਦ ਐੱਨਆਰਆਈ ਪਰਿਵਾਰ ਨੇ ਪਿੰਡ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਧੁਲੇਤਾ ਚੌਕੀ ਤੋਂ ਚੌਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਮੌਕੇ ’ਤੇ ਪਹੁੰਚੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ’ਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੂੰ ਘਰ ਦੀਆਂ ਖਿੜਕੀਆਂ ਤੇ ਰੋਸ਼ਨਦਾਨ ਦੇ ਸ਼ੀਸ਼ੇ ਤੋੜਦੇ ਹੋਏ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਧਮਕੀਭਰੇ ਫੋਨ ਕਾਲ ਬਾਰੇ ਜਾਣਕਾਰੀ ਨਹੀਂ ਹੈ।