ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਵਾਲ਼ੀਆਂ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ
Publish Date: Fri, 06 Mar 2026 10:26 PM (IST)
Updated Date: Fri, 06 Mar 2026 10:30 PM (IST)
ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ : ਸ਼ੁੱਕਰਵਾਰ ਦੇ ਸਮੇਂ ਦੋ ਮੋਟਰਸਾਈਕਲ ਸਵਾਰਾਂ ਨੇ ਆਰਿਆ ਨਗਰ ਮਾਤਾ ਦੇ ਮੰਦਰ ਨੇੜੇ ਇਕ ਔਰਤ ਦੀਆਂ ਵਾਲ਼ੀਆਂ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਇਸ ਸਬੰਧੀ ਕਰਤਾਰਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਦਿਨ-ਦਿਹਾੜੇ ਇਸ ਤਰ੍ਹਾਂ ਦੀ ਘਟਨਾ ਵਾਪਰ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਸ ਸਬੰਧੀ ਸਥਾਨਕ ਆਰਿਆ ਨਗਰ ਦੀ ਰਿਹਾਇਸ਼ੀ ਔਰਤ ਸੁਰਿੰਦਰ ਤੇ ਉਸ ਦੇ ਪਤੀ ਬ੍ਰਿਜ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਗਲੀ ’ਚ ਖੇਡ ਰਹੀ ਸੀ, ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਏ ਤੇ ਬੱਚੀ ਨਾਲ ਗੱਲਾਂ ਮਾਰਨ ਲੱਗੇ। ਉਨ੍ਹਾਂ ਨੌਜਵਾਨਾਂ ਨੂੰ ਉੱਥੇ ਖੜ੍ਹਾਂ ਦੇਖ ਕੇ ਸੁਰਿੰਦਰ ਕੌਰ ਉੱਥੇ ਪੁੱਜ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਇਕਦਮ ਸੁਰਿੰਦਰ ਕੌਰ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫਰਾਰ ਹੋ ਗਏ। ਉਸ ਦੇ ਕੰਨਾਂ ਵਿਚ ਦੋ-ਦੋ ਵਾਲੀਆਂ ਪਾਈਆਂ ਹੋਈਆਂ ਸਨ ਪਰ ਇਕ ਬਚ ਗਈ। ਉੱਥੇ ਮੌਜੂਦ ਔਰਤਾਂ ਨੇ ਰੌਲਾ ਮਚਾਇਆ ਪਰ ਮੋਟਰਸਾਈਕਲ ਸਵਾਰ ਭੱਜਣ ’ਚ ਸਫਲ ਰਹੇ।
ਇਸ ਘਟਨਾ ਦੌਰਾਨ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ 112 ਨੰਬਰ 'ਤੇ ਫੋਨ ਕਰਕੇ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਥਾਣਾ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਇਸ ਰਸਤੇ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।