ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੂਜੇ ਦਿਨ ਹੀ ਲੁੱਟ ਨੂੰ ਮੁੜ ਦਿੱਤਾ ਅੰਜਾਮ
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੂਜੇ ਦਿਨ ਹੀ ਲੁੱਟ ਨੂੰ ਫਿਰ ਦਿੱਤਾ ਅੰਜਾਮ
Publish Date: Wed, 22 Apr 2026 06:55 PM (IST)
Updated Date: Wed, 22 Apr 2026 06:58 PM (IST)
--ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਉੱਗੀ ਸਹਿਮ ਰੋਡ ’ਤੇ ਅਜੇ ਕੱਲ੍ਹ ਹੀ ਇਕ ਘਟਨਾ ਵਾਪਰੀ ਸੀ, ਜਿਸ ’ਚ ਲੁਟੇਰਿਆਂ ਨੇ ਇਕ ਵਪਾਰੀ ਨੂੰ ਲੁੱਟਿਆ ਸੀ ਤੇ ਅੱਜ ਦੂਜੇ ਦਿਨ ਹੀ ਫਿਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਇਸੇ ਹੀ ਰੋਡ ਉੱਪਰ ਇਕ ਦਰਬਾਰ ਦੇ ਸੇਵਾਦਾਰ ਨੂੰ ਦਾਤਰ ਦਿਖਾ ਕੇ ਲੁੱਟ ਲਿਆ ਤੇ ਉਸ ਦਾ ਪਰਸ ਖੋਹ ਕੇ ਜਿਸ ’ਚ 7000 ਦੇ ਕਰੀਬ ਨਗਦੀ ਸੀ, ਫਰਾਰ ਹੋ ਗਏ ਤੇ ਜਾਂਦੇ ਹੋਏ ਉਸ ਦਾ ਖਾਲੀ ਪਰਸ ਦਰਬਾਰ ਨੇੜੇ ਸੁੱਟ ਗਏ। ਇਸ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਉੱਗੀ ਸਹਿਮ ਰੋਡ ’ਤੇ ਦਰਬਾਰ ਬਾਬਾ ਜਾਹਰ ਵਲੀ ਦੇ ਸੇਵਾਦਾਰ ਬਲਕਾਰ ਸਿੰਘ ਬਾਰੂ ਵਾਸੀ ਖਾਨਪੁਰ ਢੱਡਾ ਜੋ ਦਰਬਾਰ ਤੋਂ ਸੇਵਾ ਕਰਕੇ ਸ਼ਾਮ 7:30 ਵਜੇ ਦੇ ਕਰੀਬ ਆਪਣੇ ਪਿੰਡ ਨੂੰ ਜਾਣ ਲਈ ਨਿਕਲਿਆ ਹੀ ਸੀ ਤੇ ਦਰਬਾਰ ਤੋਂ ਥੋੜ੍ਹਾ ਹੀ ਦੂਰ ਪਿੱਛੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਦਾਤਰ ਦਿਖਾ ਕੇ ਉਸ ਕੋਲੋਂ ਨਕਦੀ ਵਾਲਾ ਪਰਸ ਝਪਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਤੁਸੀਂ ਪੈਸੇ ਵਿਚੋਂ ਕੱਢ ਲਵੋ ਤੇ ਮੇਰੇ ਜਰੂਰੀ ਕਾਗਜ਼ਾਤ ਹਨ ਉਹ ਦੇ ਦਿਓ ਪਰ ਉਨ੍ਹਾਂ ਨੇ ਪਰਸ ਨਹੀਂ ਦਿੱਤਾ ਤੇ ਥੋੜ੍ਹੀ ਦੂਰ ਦਰਬਾਰ ਕੋਲ ਪਰਸ ਸੁੱਟ ਦਿੱਤਾ, ਜ਼ਰੂਰੀ ਕਾਗਜ਼ਾਤ ਮਿਲ ਗਏ। ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਉੱਗੀ ਨੂੰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਜੇ ਕੱਲ੍ਹ ਹੀ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਉੱਗੀ ਦੇ ਇਕ ਵਿਅਕਤੀ ਨੂੰ ਇਸੇ ਹੀ ਰੋਡ ਉੱਪਰ ਲੁੱਟਿਆ ਸੀ, ਜਿਸ ਦੀ ਕਿ ਸੂਚਨਾ ਵੀ ਪੁਲਿਸ ਨੂੰ ਦਿੱਤੀ ਸੀ ਇਸ ਦੇ ਬਾਵਜੂਦ ਪੁਲਿਸ ਨੇ ਗਸ਼ਤ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਤੇ ਉਨ੍ਹਾਂ ਨੇ ਦੂਸਰੇ ਦਿਨ ਹੀ ਦੂਜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਘਟਨਾ ਕਾਰਨ ਇਲਾਕਾ ਵਾਸੀਆਂ ਵਿਚ ਜਿੱਥੇ ਡਰ ਦਾ ਮਾਹੌਲ ਹੈ, ਉੱਥੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਵੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਕੋਈ ਵੀ ਪ੍ਰਬੰਧ ਨਹੀਂ ਹਨ ਤੇ ਨਾ ਹੀ ਸੜਕ ਉੱਪਰ ਪੁਲਿਸ ਦੀ ਕੋਈ ਗਸ਼ਤ ਦਿਖਾਈ ਦਿੰਦੀ ਹੈ, ਜਿਸ ਕਾਰਨ ਰਾਹਗੀਰ ਦਿਨ-ਦਿਹਾੜੇ ਹੀ ਲੁੱਟੇ ਜਾ ਰਹੇ ਹਨ। ਜਿੱਥੇ ਅੱਜ ਲੁੱਟ ਦੀ ਘਟਨਾ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ ਹੈ ਉਸ ਤੋਂ ਤਕਰੀਬਨ ਇਕ ਕਿੱਲੋਮੀਟਰ ਦੀ ਦੂਰੀ ’ਤੇ ਹੀ ਪੁਲਿਸ ਚੌਂਕੀ ਉੱਗੀ ਸਥਿਤ ਹੈ। ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਹਗੀਰਾਂ ਦੀ ਸੁਰੱਖਿਆ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।